ਪੰਜਾਬ ਰਾਜ ਦੀਆਂ ਕੋਆਪਰੇਟਿਵ ਬੈਂਕਾਂ ਦੀਆਂ ਏ ਟੀ ਐੱਮ ਮਸ਼ੀਨਾਂ ਮਹੀਨਿਆਂ ਤੋਂ ਬੰਦ ਪਈਆਂ ਹਨ। ਇਸ ਨਾਲ ਨਾ ਸਿਰਫ਼ ਗਾਹਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ, ਸਗੋਂ ਇਨ੍ਹਾਂ ਏ ਟੀ ਐੱਮਜ਼ ’ਤੇ ਤਾਇਨਾਤ ਸਕਿਉਰਿਟੀ ਗਾਰਡਾਂ ਦਾ ਰੁਜ਼ਗਾਰ ਵੀ ਖੋਹ ਲਿਆ ਗਿਆ ਹੈ। ਪੰਜਾਬ ਭਰ ਵਿੱਚ ਪੰਜਾਬ ਰਾਜ ਕੋਆਪਰੇਟਿਵ ਬੈਂਕ ਲਿਮਟਿਡ ਵੱਲੋਂ 149 ਏ ਟੀ ਐੱਮ ਲਗਾਏ ਗਏ ਸਨ, ਜਿਨ੍ਹਾਂ ਵਿੱਚੋਂ ਇਸ ਵੇਲੇ ਸਿਰਫ਼ 85 ਹੀ ਚਾਲੂ ਹਨ ਅਤੇ 64 ਏ ਟੀ ਐੱਮ ਪੂਰੀ ਤਰ੍ਹਾਂ ਠੱਪ ਪਏ ਹਨ। ਇਨ੍ਹਾਂ ਬੰਦ ਏ ਟੀ ਐੱਮਜ਼ ਵਿਚੋਂ ਲੁਧਿਆਣਾ ਜ਼ਿਲ੍ਹੇ ਦੇ ਪਾਇਲ, ਮਾਛੀਵਾੜਾ, ਜੰਡਿਆਲੀ, ਭੂੰਦੜੀ, ਸਮਰਾਲਾ, ਜਗਰਾਓਂ, ਗਿੱਲ ਅਤੇ ਸੀ ਬੀ. ਲੁਧਿਆਣਾ ਵਿੱਚ ਲੱਗੇ ਅੱਠ ਏ ਟੀ ਐੱਮਾਂ ਤੋਂ 18 ਸਕਿਉਰਿਟੀ ਗਾਰਡਾਂ ਨੂੰ ਫਰਵਰੀ ਮਹੀਨੇ ਵਿੱਚ ਹੀ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਹੈ।
ਦੀ ਲੁਧਿਆਣਾ ਸੈਂਟਰਲ ਕੋਆਪਰੇਟਿਵ ਦੇ ਡਾਇਰੈਕਟਰ ਰਹੇ ਰਛਪਾਲ ਸਿੰਘ ਤਲਵਾੜਾ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਦੀ ਖੁਸ਼ਹਾਲੀ ਇਨ੍ਹਾਂ ਸਹਿਕਾਰੀ ਅਦਾਰਿਆਂ ’ਤੇ ਨਿਰਭਰ ਕਰਦੀ ਹੈ ਪਰ ਇਨ੍ਹਾਂ ਕੋਆਪਰੇਟਿਵ ਬੈਂਕਾਂ ਦੇ ਏ ਟੀ ਐੱਮ ਬੰਦ ਹੋਣ ਕਾਰਨ ਖਾਸ ਤੌਰ ’ਤੇ ਕਿਸਾਨਾਂ ਅਤੇ ਬਜ਼ੁਰਗ ਖਾਤਾ ਧਾਰਕਾਂ ਨੂੰ ਭਾਰੀ ਤਕਲੀਫ਼ ਝੱਲਣੀ ਪੈ ਰਹੀ ਹੈ ਅਤੇ ਇੱਥੇ ਕੰਮ ਕਰਦੇ ਸਕਿਉਰਿਟੀ ਗਾਰਡਾਂ ਦੇ ਰੁਜ਼ਗਾਰ ’ਤੇ ਵੱਡੀ ਸੱਟ ਲੱਗੀ ਹੈ।
ਇਸ ਮਾਮਲੇ ਵਿੱਚ ਜਦੋਂ ਪੰਜਾਬ ਕੋਆਪਰੇਟਿਵ ਬੈਂਕ ਦੇ ਵਧੀਕ ਐੱਮ ਡੀ (ਬੈਂਕਿੰਗ) ਜਗਦੀਸ਼ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਹੈੱਡ ਆਫਿਸ ਦੇ ਟੈਕਨੀਕਲ ਅਧਿਕਾਰੀ ਏ ਐੱਸ ਏ ਸੰਜੈ ਨਾਲ ਗੱਲ ਕਰਨ ਦੀ ਸਲਾਹ ਦਿੱਤੀ। ਸੰਜੈ ਨੇ ਦੱਸਿਆ ਕਿ ਪੁਰਾਣੇ ਬੰਦ ਏ ਟੀ ਐੱਮਜ਼ ਨੂੰ ਤਬਦੀਲ ਕਰਨ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਗਾਰਡਾਂ ਨੂੰ ਹਟਾਉਣ ਬਾਰੇ ਕੋਈ ਜਾਣਕਾਰੀ ਨਾ ਹੋਣ ਦਾ ਦਾਅਵਾ ਕੀਤਾ।

