ਵਿਧਾਨ ਸਭਾ ਚੋਣਾਂ: ਆਸ਼ੂ ਦੇ ਹਲਕੇ ’ਚ ‘ਬਾਜ਼ੀ’ ਸਖ਼ਤ

ਸਾਬਕਾ ਕਾਂਗਰਸੀ ਗੋਗੀ ਬਣੇ ‘ਆਪ’ ਦੇ ਉਮੀਦਵਾਰ; ਭਾਜਪਾ ਨੇ ਵਕੀਲ ਸਿੱਧੂ ਨੂੰ ਉਤਾਰਿਆ ਚੋਣ ਮੈਦਾਨ ਵਿੱਚ

ਵਿਧਾਨ ਸਭਾ ਚੋਣਾਂ: ਆਸ਼ੂ ਦੇ ਹਲਕੇ ’ਚ ‘ਬਾਜ਼ੀ’ ਸਖ਼ਤ

ਭਾਰਤ ਭੂਸ਼ਣ ਆਸ਼ੂ, ਗੁਰਪ੍ਰੀਤ ਗੋਗੀ, ਮਹੇਸ਼ਇੰਦਰ ਸਿੰਘ ਗਰੇਵਾਲ, ਬਿਕਰਮ ਸਿੰਘ ਸਿੱਧੂ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਜਨਵਰੀ

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਹਲਕਾ ਪੱਛਮੀ ਉਨ੍ਹਾਂ ਲਈ ਸਭ ਤੋਂ ਆਸਾਨ ਤੇ ਵੱਡੀ ਜਿੱਤ ਵਾਲਾ ਸਮਝਿਆ ਜਾਂਦਾ ਸੀ ਪਰ ਜਿਵੇਂ ਹੀ ਹੁਣ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਰਹੇ ਹਨ ਤਾਂ ਲੁਧਿਆਣਾ ਦੇ ਇਸ ਹਲਕੇ ਦੀ ਸਿਆਸੀ ਲੜਾਈ ਸਭ ਤੋਂ ਸਖ਼ਤ ਹੁੰਦੀ ਦਿਖਾਈ ਦੇ ਰਹੀ ਹੈ। ਇਸ ਹਲਕੇ ਵਿੱਚ ਇਕ ਪਾਸੇ ਦੋ ਕਾਂਗਰਸੀ ਆਹਮੋ-ਸਾਹਮਣੇ ਹੋਣਗੇ ਤਾਂ ਦੂਜੇ ਪਾਸੇ ਦੋ ਵਕੀਲ ਮੰਤਰੀ ਆਸ਼ੂ ਦੇ ਰਾਹ ਵਿੱਚ ਮੁਸ਼ਕਲਾਂ ਪੈਦਾ ਕਰਨਗੇ।

ਦਰਅਸਲ, ਕਾਂਗਰਸ ਨੇ ਤੀਜੀ ਵਾਰ ਮੰਤਰੀ ਭਾਰਤ ਭੂਸ਼ਣ ਆਸ਼ੂ ’ਤੇ ਭਰੋਸਾ ਕਰਦੇ ਹੋਏ, ਉਨ੍ਹਾਂ ਨੂੰ ਲੁਧਿਆਣਾ ਦੀ ਹਲਕਾ ਪੱਛਮੀ ਸੀਟ ਤੋਂ ਉਮੀਦਵਾਰ ਐਲਾਨਿਆ ਹੈ ਪਰ ਇਸ ਵਾਰ ਉਨ੍ਹਾਂ ਦਾ ਰਾਹ ਪਹਿਲਾਂ ਵਾਂਗ ਆਸਾਨ ਨਹੀਂ ਲੱਗ ਰਿਹਾ ਕਿਉਂਕਿ ਇਸ ਵਾਰ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਟੱਕਰ ਦੇਣ ਲਈ ਆਮ ਆਦਮੀ ਪਾਰਟੀ ਨੇ ਉਨ੍ਹਾਂ ਦੇ ਹੀ ਪੁਰਾਣੇ ਸਾਥੀ ਤੇ ਕੌਂਸਲਰ ਗੁਰਪ੍ਰੀਤ ਗੋਗੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਕੀਲ ਮਹੇਸ਼ਇੰਦਰ ਸਿੰਘ ਗਰੇਵਾਲ ਪਹਿਲਾਂ ਤੋਂ ਹੀ ਚੋਣ ਪ੍ਰਚਾਰ ਕਰ ਰਹੇ ਹਨ। ਹੁਣ ਭਾਜਪਾ ਨੇ ਵੀ ਇਸ ਹਲਕੇ ਵਿੱਚੋਂ ਸੀਨੀਅਰ ਵਕੀਲ ਬਿਕਰਮ ਸਿੰਘ ਸਿੱਧੂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ।

ਮੰਤਰੀ ਆਸ਼ੂ ਦੇ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਅਕਾਲੀ ਉਮੀਦਵਾਰ ਮਹੇਸ਼ ਇੰਦਰ ਸਿੰਘ ਗਰੇਵਾਲ ਚੋਣ ਮੈਦਾਨ ਵਿੱਚ ਹਨ, ਜੋ ਕਿ ਪੇਸ਼ੇ ਤੋਂ ਵਕੀਲ ਹਨ ਅਤੇ ਪਿੱਛਲੇ ਕਾਫ਼ੀ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਉਹ ਸਿਆਸੀ ਸਲਾਹਕਾਰ ਵੀ ਰਹੇ ਹਨ ਅਤੇ 2019 ’ਚ ਲੋਕ ਸਭਾ ਲੁਧਿਆਣਾ ਤੋਂ ਉਮੀਦਵਾਰ ਵੀ ਰਹੇ ਹਨ ਪਰ ਉਨ੍ਹਾਂ ਨੂੰ 2019 ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਭਾਜਪਾ ਉਮੀਦਵਾਰ ਬਿਕਰਮ ਸਿੰਘ ਸਿੱਧੂ ਵੀ ਪੇਸ਼ੇ ਤੋਂ ਵਕੀਲ ਹਨ। ਉਨ੍ਹਾਂ 2020 ’ਚ ਭਾਰਤੀ ਜਨਤਾ ਪਾਰਟੀ ’ਚ ਸ਼ਮੂਲੀਅਤ ਕੀਤੀ ਤੇ ਸਰਗਰਮ ਰਾਜਨੀਤੀ ’ਚ ਉਤਰੇ। ਰਾਜਨੀਤੀ ’ਚ ਉਤਰਨ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਘੇਰਨਾ ਸ਼ੁਰੂ ਕੀਤਾ ਸੀ। ਉਹ ਕਾਂਗਰਸ ਦੇ ਕਈ ਵਰਕਰਾਂ ਨੂੰ ਭਾਜਪਾ ’ਚ ਵੀ ਸ਼ਾਮਲ ਕਰ ਚੁੱਕੇ ਹਨ ਤੇ ਪਿੱਛਲੇ 2 ਸਾਲ ਤੋਂ ਹੀ ਚੋਣ ਦੀ ਤਿਆਰੀ ’ਚ ਲੱਗੇ ਹੋਏ ਹਨ। ਲੁਧਿਆਣਾ ਦੇ ਵਾਰਡ ਨੰਬਰ 76 ਤੋਂ ਕੌਂਸਲਰ ਗੁਰਪ੍ਰੀਤ ਗੋਗੀ ਪਿਛਲੇ ਦਿਨੀਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਹਨ। ਉਹ ਚਾਰ ਵਾਰ ਕੌਂਸਲਰ ਰਹਿ ਚੁੱਕੇ ਹਨ ਅਤੇ ਇਸ ਦੇ ਨਾਲ-ਨਾਲ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਵੀ ਰਹੇ ਹਨ। ਕਾਂਗਰਸ ਦੇ ਨਾਲ ਕੁਝ ਮਤਭੇਦ ਹੋਣ ਕਾਰਨ ਉਹ ਨਾਰਾਜ਼ ਚੱਲ ਰਹੇ ਸਨ। ਗੋਗੀ ਹੁਣ ‘ਆਪ’ ਦਾ ਝਾੜੂ ਲੈ ਕੇ ਚੋਣ ਮੈਦਾਨ ਵਿੱਚ ਉਤਰੇ ਹੋਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All