ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਸਤੰਬਰ
ਸੂਬੇ ਦੀ ਆਰਥਿਕ ਰਾਜਧਾਨੀ ਲੁਧਿਆਣਾ ਵਿੱਚ ਇੱਕ ਵਾਰ ਫਿਰ ‘ਆਪ’ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਨਅਤਕਾਰਾਂ ਦੇ ਨਾਲ ਮਿਲਣੀ ਕਰਨਗੇ, ਜਿਥੇ ਉਹ 15 ਸਤੰਬਰ ਨੂੰ ਪੰਜ ਤਾਰਾ ਹੋਟਲ ਰੈਡੀਸਨ ਬਲੂ ਵਿੱਚ ਸ਼ਹਿਰ ਦੇ ਸਨਅਤਕਾਰਾਂ ਨਾਲ ਮੀਟਿੰਗ ਕਰਨਗੇ। ਇਸ ਦੇ ਲਈ ਪ੍ਰਸ਼ਾਸਨ ਨੇ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਮੀਟਿੰਗ ਵਿੱਚ 300 ਦੇ ਕਰੀਬ ਸਨਅਤਕਾਰ ਤੇ ਹੋਰ ਲੋਕ ਸ਼ਾਮਲ ਹੋਣਗੇ। ਮਿਲਣੀ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਪਿਛਲੇ 18 ਮਹੀਨਿਆਂ ਵਿੱਚ ਸਨਅਤਾਂ ਲਈ ਕੀਤੇ ਗਏ ਕੰਮਾਂ ਬਾਰੇ ਸਨਅਤਕਾਰਾਂ ਨੂੰ ਜਾਣੂ ਕਰਵਾਇਆ ਜਾਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ 2021 ਦੇ ਸਤੰਬਰ ਮਹੀਨੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਸਨਅਤਕਾਰਾਂ ਨਾਲ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ ਨੇ ਸਿੱਧੇ ਤੌਰ ’ਤੇ ਸਨਅਤਕਾਰਾਂ ਨੂੰ ਕਿਹਾ ਸੀ ਕਿ ਉਹ ‘ਆਪ’ ਲਈ ਵੋਟ ਬੈਂਕ ਨਹੀਂ ਬਲਕਿ ਸਰਕਾਰ ਵਿੱਚ ਪਾਰਟਨਰ ਬਣਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸਨਅਤਾਂ ਲਈ 24 ਘੰਟੇ ਸਸਤੀ ਬਿਜਲੀ, ਇੰਸਪੈਕਟਰੀ ਤੇ ਭ੍ਰਿਸ਼ਟਾਚਾਰ ਖਤਮ ਅਤੇ ਸਨਅਤਾਂ ਨੂੰ ਨਵੀਂ ਟੈਕਨਾਲੋਜੀ ਦੇਣ ਦੇ ਵੱਡੇ ਐਲਾਨ ਕੀਤੇ ਸੀ। ਉਨ੍ਹਾਂ ਕਿਹਾ ਸੀ ਕਿ ਦਿੱਲੀ ਵਾਂਗ ਲੁਧਿਆਣਾ ਵਿੱਚ ਕਿਸੇ ਸਨਅਤ ਵਿੱਚ ਟੈਕਸ ਵਿਭਾਗ ਦੇ ਛਾਪੇ ਨਹੀਂ ਮਾਰੇ ਜਾਣਗੇ ਤੇ ਦਿੱਲੀ ਵਾਂਗ ਹੀ ਇੱਥੇ ਵੀ ਖਜ਼ਾਨਾ ਭਰੇਗਾ।