ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 23 ਸਤੰਬਰ
ਝੋਨੇ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਹੀ ਮਾਛੀਵਾੜਾ ਦਾਣਾ ਮੰਡੀ ਵਿੱਚ ਬਾਸਮਤੀ ਦੀ ਆਮਦ ਨੇ ਤੇਜ਼ੀ ਫੜ ਲਈ ਹੈ ਅਤੇ ਰੋਜ਼ਾਨਾ ਹੀ ਕਿਸਾਨ ਆਪਣੀ ਫਸਲ ਵੇਚਣ ਲਈ ਮੰਡੀ ਵਿੱਚ ਆ ਰਹੇ ਹਨ।
ਬਾਸਮਤੀ 1509 ਦੀ ਇਸ ਵਾਰ ਕਿਸਾਨਾਂ ਵੱਲੋਂ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਬਿਜਾਈ ਕੀਤੀ ਗਈ ਅਤੇ ਇਹ ਉਨ੍ਹਾਂ ਲਈ ਲਾਹੇਵੰਦ ਵੀ ਸਾਬਿਤ ਹੋ ਰਹੀ ਹੈ। ਮਾਛੀਵਾੜਾ ਦਾਣਾ ਮੰਡੀ ਵਿੱਚ ਹੁਣ ਤੱਕ 12 ਹਜ਼ਾਰ ਕੁਇੰਟਲ ਬਾਸਮਤੀ ਫਸਲ ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦੀ ਜਾ ਚੁੱਕੀ ਹੈ। ਪ੍ਰਾਈਵੇਟ ਵਪਾਰੀਆਂ ਵੱਲੋਂ ਇਹ ਸੁੱਕੀ ਬਾਸਮਤੀ ਦੀ ਫਸਲ 3500 ਰੁਪਏ ਤੋਂ ਲੈ ਕੇ 3600 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦੀ ਜਾ ਰਹੀ ਹੈ ਅਤੇ ਮੰਡੀ ਵਿੱਚ ਕਰੀਬ ਚਾਰ ਤੋਂ ਵੱਧ ਵੱਡੇ ਵਪਾਰਕ ਘਰਾਣੇ ਖਰੀਦ ਕਰ ਰਹੇ ਹਨ। ਬਾਸਮਤੀ 1509 ਜੋ ਕਿ ਪਿਛਲੇ ਸਾਲ 3000 ਤੋਂ 3200 ਰੁਪਏ ਤੱਕ ਵਿਕੀ ਸੀ, ਇਸ ਵਾਰ ਵੱਧ ਭਾਅ ਮਿਲਣ ਦੇ ਨਾਲ-ਨਾਲ ਕਿਸਾਨਾਂ ਦੀ ਫਸਲ ਦਾ ਝਾੜ ਵੀ ਵਧੀਆ ਨਿਕਲ ਰਿਹਾ ਹੈ।
ਮਾਛੀਵਾੜਾ ਅਨਾਜ ਮੰਡੀ ਵਿੱਚ ਬਾਸਮਤੀ ਫਸਲ ਵੇਚਣ ਆਏ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਫਸਲ ਦਾ ਝਾੜ 22 ਤੋਂ 26 ਕੁਇੰਟਲ ਨਿਕਲਿਆ ਹੈ ਜਿਸ ਕਾਰਨ ਉਨ੍ਹਾਂ ਦੀ ਫਸਲ ਪ੍ਰਤੀ ਏਕੜ 75 ਹਜ਼ਾਰ ਤੋਂ ਇਕ ਲੱਖ ਰੁਪਏ ਤੱਕ ਵਿਕ ਰਹੀ ਹੈ। ਵਧੀਆ ਝਾੜ ਤੇ ਚੰਗਾ ਭਾਅ ਮਿਲਣ ਕਾਰਨ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਚਿਹਰੇ ਵੀ ਖਿੜੇ ਹੋਏ ਹਨ। ਪਿਛਲੇ ਸਾਲ 2022 ਵਿੱਚ ਕਰੀਬ 91 ਹਜ਼ਾਰ ਕੁਇੰਟਲ ਬਾਸਮਤੀ ਦੀ ਫਸਲ ਮੰਡੀ ਵਿੱਚ ਵਿਕਣ ਲਈ ਆਈ ਸੀ ਅਤੇ ਇਸ ਵਾਰ ਬਿਜਾਈ ਵੱਧ ਹੋਣ ਕਾਰਨ ਇਹ ਅੰਕੜਾ ਇਕ ਲੱਖ ਕੁਇੰਟਲ ਤੋਂ ਵੱਧ ਹੋਣ ਦੇ ਅਸਾਰ ਹਨ। ਮਾਛੀਵਾੜਾ ਮੰਡੀ ਵਿੱਚ ਬਾਸਮਤੀ ਤੋਂ ਇਲਾਵਾ ਆਮ ਝੋਨੇ ਦੀ ਕੁਝ ਕੁ ਆਮਦ ਹੋਈ ਹੈ ਪਰ ਇਸ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਵੇਗੀ।