ਲੁਧਿਆਣਾ: ਥਾਣਾ ਡੇਹਲੋਂ ਦੀ ਪੁਲੀਸ ਨੇ ਜਗਸੀਰ ਸਿੰਘ ਵਾਸੀ ਪਿੰਡ ਰੋਮਾਣਾ ਅਜੀਤ ਸਿੰਘ (ਫ਼ਰੀਦਕੋਟ) ਨੂੰ ਚੋਰੀ ਕੀਤੀਆਂ ਤਾਂਬੇ ਦੀਆਂ ਤਾਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਡੇਹਲੋਂ ਚੌਕ ਵਿੱਚ ਮੌਜੂਦ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਖੇਤਾਂ ਦੀਆਂ ਮੋਟਰਾਂ ਅਤੇ ਟਰਾਂਸਫਾਰਮਰ ਦੀਆਂ ਤਾਂਬੇ ਦੀਆਂ ਤਾਰਾਂ ਚੋਰੀ ਕਰ ਕੇ ਇਕ ਵਿਅਕਤੀ ਵੇਚਣ ਲਈ ਸਕੂਟਰ ’ਤੇ ਸ਼ਹਿਰ ਜਾ ਰਿਹਾ ਹੈ। ਪੁਲੀਸ ਪਾਰਟੀ ਨੇ ਤੁਰੰਤ ਕੈਂਡ ਨਹਿਰ ਦੇ ਪੁਲ ’ਤੇ ਨਾਕਾ ਲਗਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਕਬਜ਼ੇ ਵਿੱਚੋਂ ਡੇਢ ਕਿੱਲੋ ਤਾਂਬੇ ਦੀਆਂ ਤਾਰਾਂ ਬਰਾਮਦ ਕੀਤੀਆਂ। ਪੁਲੀਸ ਮੁਲਜ਼ਮ ਤੋਂ ਹੋਰ ਪੁੱਛਗਿਛ ਕਰ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ