ਸਥਾਨਕ ਗ਼ਦਰੀ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਗਦਰੀ ਬਾਬਾ ਭਾਨ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਸ਼ਾਲ ਮਾਰਚ ਕੀਤਾ ਗਿਆ। ਬਾਬਾ ਭਾਨ ਸਿੰਘ ਵੱਲੋਂ ਦੇਸ਼ ਆਜ਼ਾਦ ਕਰਵਾਉਣ ਲਈ ਅੰਗਰੇਜ਼ ਹਕੂਮਤ ਖ਼ਿਲਾਫ਼ ਵਿੱਢੇ ਸੰਘਰਸ਼ ਬਦਲੇ ਕਾਲੇ ਪਾਣੀ ਦੀ ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ, ਜਿੱਥੇ ਜੇਲ੍ਹ ਵਿੱਚ ਹੀ ਉਹ ਹਕੂਮਤੀ ਜਬਰ ਸਹਾਰਦੇ ਹੋਏ 2 ਮਾਰਚ 1918 ਨੂੰ ਸ਼ਹੀਦ ਹੋ ਗਏ ਸਨ। ਇਹ ਮਸ਼ਾਲ ਮਾਰਚ ਉਨ੍ਹਾਂ ਦੀ ਯਾਦ ਵਿੱਚ ਪਿੰਡ ਸੁਨੇਤ (ਲੁਧਿਆਣਾ) ਵਿੱਚ ਉਸਾਰੀ ਗਈ ਯਾਦਗਾਰ ਤੋਂ ਸ਼ੁਰੂ ਹੋ ਕੇ ਪਿੰਡ ਦੀਆਂ ਗਲੀਆਂ ਵਿੱਚ ਜੋੋਸ਼ੀਲੇ ਨਾਅਰਿਆਂ ਨਾਲ ਗੁਜ਼ਰਦਾ ਹੋਇਆ ਵਾਪਸ ਇਸ ਯਾਦਗਾਰ ’ਤੇ ਹੀ ਖਤਮ ਹੋਇਆ।
ਇਸ ਮਾਰਚ ਦੀ ਸ਼ੁਰੂਆਤ ਵਿੱਚ ਸ਼ਹੀਦ ਬਾਬਾ ਭਾਨ ਸਿੰਘ ਗ਼ਦਰ ਮੈਮੋਰੀਅਲ ਟਰੱਸਟ ਦੇ ਜਨਰਲ ਸਕੱਤਰ ਜਸਵੰਤ ਜ਼ੀਰਖ ਨੇ ਨੌਜਵਾਨ ਸਭਾ ਦੇ ਇਸ ਉੱਧਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਸ਼ਹੀਦਾਂ ਦੇ ਪੂਰਨਿਆਂ ’ਤੇ ਚੱਲਣ ਦੀ ਅਪੀਲ ਕਰਦਿਆਂ ਗਦਰੀ ਬਾਬਿਆਂ ਵੱਲੋਂ ਚਿਤਵੇ ਸਮਾਜ ਦੀ ਸਿਰਜਣਾ ਕਰਨ ਲਈ ਅੱਗੇ ਵਧਣ ਦਾ ਸੰਦੇਸ਼ ਦਿੱਤਾ। ਮਾਰਚ ਦੌਰਾਨ ਪਿੰਡ ਦੇ ਮੁੱਖ ਦਰਵਾਜ਼ੇ ਤੇ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਹਰਪ੍ਰੀਤ ਜ਼ੀਰਖ ਨੇ ਸੰਬੋਧਨ ਕਰਦਿਆਂ ਕਿਹਾ ਕਿ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਦਾ ਸ਼ਹੀਦੀ ਦਿਹਾੜਾ ਨਾ ਸਿਰਫ਼ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਨ ਦਾ ਹੈ, ਸਗੋਂ ਉਨ੍ਹਾਂ ਦੀ ਵਿਰਾਸਤ ਅਤੇ ਵਿਚਾਰਧਾਰਾ ਨੂੰ ਲੋਕਾਂ ਵਿੱਚ ਲੈ ਕੇ ਜਾਣ ਦਾ ਇੱਕ ਵੱਡਾ ਮੌਕਾ ਹੁੰਦਾ ਹੈ। ਉਨ੍ਹਾਂ ਨੌਜਵਾਨ ਸਭਾ ਵੱਲੋਂ ਸੱਦਾ ਦਿੱਤਾ ਕਿ ਅਜੋਕੇ ਮਾਹੌਲ ਵਿੱਚ ਗਦਰੀ ਬਾਬਿਆਂ ਦੇ ਅਧੂਰੇ ਰਹਿ ਗਏ ਸੁਫਨੇ ਪੂਰੇ ਕਰਨ ਲਈ ਲੁੱਟ ਅਤੇ ਵਿਤਕਰੇ ਰਹਿਤ ਮਨੁੱਖੀ ਬਰਾਬਰੀ ਵਾਲਾ ਸਮਾਜ ਸਿਰਜਣ ਦੀ ਲੜਾਈ ਨੂੰ ਅੱਗੇ ਤੋਰਦਿਆਂ, ਉਨ੍ਹਾਂ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਦਾ ਕਾਰਜ ਨੌਜਵਾਨਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਸੰਘਰਸ਼ ਕਰਨਾ ਚਾਹੀਦਾ ਹੈ।

