ਸ਼ਹੀਦਾਂ ਦੀ ਬਰਸੀ ਸਾਂਝੇ ਤੌਰ ’ਤੇ ਮਨਾਉਣ ਦੀ ਅਪੀਲ
ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ 16 ਨਵੰਬਰ, 1915 ਨੂੰ ਪਹਿਲੇ ਲਾਹੌਰ ਸਾਜ਼ਿਸ ਕੇਸ ਵਿੱਚ ਸ਼ਹੀਦ ਹੋਏ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਲ ਹੀ ਉਸੇ ਦਿਨ ਉਸੇ ਜੇਲ੍ਹ ਵਿੱਚ ਫਾਂਸੀ ਚੜ੍ਹੇ ਬਾਕੀ ਛੇ ਸੂਰਮਿਆਂ ਦੀ ਬਰਸੀ ਵੀ ਇਕੱਠਿਆਂ ਮਨਾਈ ਜਾਵੇ। ਪ੍ਰੋ. ਗਿੱਲ ਨੇ ਕਿਹਾ ਕਿ ਜੰਗੇ ਆਜ਼ਾਦੀ ਸੰਘਰਸ਼ ਵਿੱਚ ਸੱਤ ਸੂਰਮੇ ਇਕੱਠੇ ਪਹਿਲੀ ਵਾਰ 16 ਨਵੰਬਰ, 1915 ਨੂੰ ਫਾਂਸੀ ਚੜ੍ਹੇ ਸਨ। ਸ਼ਹੀਦ ਕਰਤਾਰ ਸਿੰਘ ਸਰਾਭਾ ਸਣੇ ਸ਼ਹੀਦ ਹੋਏ ਸੱਤ ਸ਼ਹੀਦਾਂ ਵਿੱਚੋਂ ਛੇ ਪੰਜਾਬੀ ਸਨ, ਜਿਨ੍ਹਾਂ ਵਿੱਚ ਸ਼ਹੀਦ ਭਾਈ ਜਗਤ ਸਿੰਘ ਪਿੰਡ ਸੁਰ ਸਿੰਘ ਤਰਨ ਤਾਰਨ, ਸ਼ਹੀਦ ਭਾਈ ਬਖਸ਼ੀਸ਼ ਸਿੰਘ, ਸ਼ਹੀਦ ਭਾਈ ਸੁਰਾਇਣ ਸਿੰਘ ਵੱਡਾ, ਸ਼ਹੀਦ ਭਾਈ ਸੁਰਾਇਣ ਸਿੰਘ ਛੋਟਾ ਪਿੰਡ ਗਿੱਲਵਾਲੀ ਅੰਮ੍ਰਿਤਸਰ ਸ਼ਾਮਲ ਸਨ। ਸ਼ਹੀਦ ਹਰਨਾਮ ਸਿੰਘ ਸਿਆਲਕੋਟੀ ਪਿੰਡ ਭੱਟੀ ਗੁਰਾਇਆ, ਸਿਆਲਕੋਟ ਦੇ ਸਨ, ਜਦ ਕਿ ਸੱਤਵੇਂ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਤਾਲੇਗਾਉਂ (ਪੂਨਾ) ਮਹਾਂਰਾਸ਼ਟਰਾ ਦੇ ਸਨ। ਪ੍ਰੋ. ਗਿੱਲ ਨੇ ਕਿਹਾ ਕਿ ਆਜ਼ਾਦੀ ਸੰਗਰਾਮ ਦੇ ਇਨ੍ਹਾਂ ਸੱਤ ਸੂਰਮਿਆਂ ਨੂੰ 1947 ਤੋਂ ਬਾਅਦ 2023 ਤੀਕ ਕਦੇ ਵੀ ਸਰਕਾਰੀ ਪੱਧਰ ’ਤੇ ਇੱਕਠਿਆਂ ਯਾਦ ਨਹੀਂ ਸੀ ਕੀਤਾ ਗਿਆ। ਭਾਵੇਂ ਉਨ੍ਹਾਂ ਵੱਲੋਂ ਸਾਲ 2012 ਤੋਂ ਵੱਖ ਵੱਖ ਸਮੇਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖਣ ਦੇ ਬਾਵਜੂਦ ਸਿਰਫ਼ ਵਰਤਮਾਨ ਭਗਵੰਤ ਸਿੰਘ ਮਾਨ ਸਰਕਾਰ ਨੇ ਹੀ ਇਸ ਕਾਰਜ ਨੂੰ ਅਮਲ ਵਿੱਚ ਲਿਆਂਦਾ ਹੈ ਅਤੇ ਸ਼ਹੀਦ ਸਰਾਭਾ ਸਮੇਤ ਸੱਤ ਸੂਰਮਿਆਂ ਦਾ ਇਕੱਠਾ ਪੋਸਟਰ 16 ਨਵੰਬਰ ਨੂੰ ਵੱਖ ਵੱਖ ਅਖ਼ਬਾਰਾਂ ਰਾਹੀਂ ਲੋਕ ਅਰਪਣ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ 2023 ਵਿੱਚ ਪੰਜਾਬੀ ਲੋਕ ਵਿਰਾਸਤ ਅਕਾਦਮੀ ਵੱਲੋਂ ਹੀ ਇਨ੍ਹਾਂ ਸਾਰੇ ਸ਼ਹੀਦਾਂ ਦੇ ਚਿਤਰ ਤਿਆਰ ਕਰਵਾ ਕੇ ਹੀ ਪੰਜਾਬ ਸਰਕਾਰ ਨੂੰ ਸੌਂਪੇ ਗਏ ਸਨ।
