ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਅਕਤੂਬਰ
ਸਨਅਤੀ ਸ਼ਹਿਰ ਦੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਨਿਗਮ ਨੇ 85 ਲੱਖ ਰੁਪਏ ਦੀ ਲਾਗਤ ਨਾਲ ਐਂਟੀ ਸਮੌਗ ਗੰਨ ਖਰੀਦੀ ਸੀ। ਇਹ ਹੁਣ ਵਰਕਸ਼ਾਪ ’ਚ ਪਈਆਂ ਟਰੈਕਟਰ ਤੇ ਜੈਨਰੇਟਰ ਦੀ ਉਡੀਕ ਕਰ ਰਹੀਆਂ ਹਨ। 16 ਸਤੰਬਰ ਨੂੰ ਸਥਾਨਕ ਸਰਕਾਰਾਂ ਦੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਐਂਟੀ ਸਮੌਗ ਗੰਨ ਦਾ ਉਦਘਾਟਨ ਕੀਤਾ ਸੀ। ਇਸ ਤੋਂ ਬਾਅਦ ਇਹ ਮਸ਼ੀਨਾਂ ਨਹੀਂ ਚੱਲ ਸਕੀਆਂ, ਕਿਉਂਕਿ ਇਨ੍ਹਾਂ ਮਸ਼ੀਨਾਂ ਨੂੰ ਚਲਾਉਣ ਲਈ ਹਾਲੇ ਹੋਰ ਮਸ਼ੀਨਰੀ ਦੀ ਲੋੜ ਹੈ। ਹਾਲੇ ਇਹ ਸਹੀ ਤਰੀਕੇ ਨਾਲ ਨਹੀਂ ਚੱਲ ਸਕਣਗੀਆਂ। ਇਸ ਤੋਂ ਇਲਾਵਾ ਹਾਲੇ ਇਹ ਵੀ ਫੈਸਲਾ ਨਹੀਂ ਹੋਇਆ ਕਿ ਇਹ ਮਸ਼ੀਨਾਂ ਸ਼ਹਿਰ ਦੇ ਕਿਹੜੇ ਇਲਾਕਿਆਂ ’ਚ ਚੱਲਣੀਆਂ ਹਨ। ਸਨਅਤੀ ਸ਼ਹਿਰ ’ਚ ਵੱਧ ਰਹੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਨਿਗਮ ਨੇ 7 ਐਂਟੀ ਸਮੌਗ ਗੰਨ ਖਰੀਦੀਆਂ ਹਨ। ਇਨ੍ਹਾਂ ’ਚੋਂ 5 ਸਮੌਗ ਗੰਨਾਂ ਵੱਡੀਆਂ ਤੇ 2 ਛੋਟੀਆਂ ਹਨ। ਇਨ੍ਹਾਂ ਮਸ਼ੀਨਾਂ ਨੂੰ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਤਹਿਤ ਆਏ ਫੰਡਾਂ ਨਾਲ ਖਰੀਦਿਆ ਗਿਆ ਹੈ। 16 ਸਤੰਬਰ ਨੂੰ ਸਥਾਨਕ ਸਰਕਾਰਾਂ ਮੰਤਰੀ ਨੇ ਜ਼ੋਨ ਡੀ ਪੁੱਜ ਕੇ ਇਨ੍ਹਾਂ ਮਸ਼ੀਨਾਂ ਦਾ ਉਦਘਾਟਨ ਕੀਤਾ ਸੀ। ਉਸ ਤੋਂ ਬਾਅਦ ਇਹ ਮਸ਼ੀਨਾਂ ਚੱਲ ਨਹੀਂ ਸਕੀਆਂ। ਵੱਡੀਆਂ ਮਸ਼ੀਨਾਂ ਦੇ ਨਾਲ ਚਾਹੀਦੀ ਵੱਖਰੀ ਮਸ਼ੀਨਰੀ ਐਂਟੀ ਸਮੋਗ ਗੰਨ ਨੂੰ ਇੱਕ ਜਗ੍ਹਾਂ ਤੋਂ ਦੂਸਰੀ ਜਗ੍ਹਾ ਤੱਕ ਲਿਜਾਣ ਲਈ ਟਰੈਕਟਰ ਦੀ ਲੋੜ ਹੈ। ਪੰਜ ਵੱਡੀਆਂ ਮਸ਼ੀਨਾਂ ਲਈ ਪੰਜ ਟਰੈਕਟਰਾਂ ਦੀ ਲੋੜ ਹੈ। ਇਸ ਤੋਂ ਇਲਾਵਾ ਮਸ਼ੀਨਾਂ ਨੂੰ ਚਲਾਉਣ ਲਈ ਜੈਨਰੇਟਰ ਸੈੱਟ ਵੀ ਵੱਖਰਾ ਚਾਹੀਦਾ ਹੈ। ਹਰ ਮਸ਼ੀਨ ਦੇ ਨਾਲ ਇੱਕ ਪਾਣੀ ਦਾ ਟੈਂਕਰ ਵੀ ਜ਼ਰੂਰੀ ਹੈ। ਨਿਗਮ ਅਫ਼ਸਰ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਲੋੜੀਦੀ ਮਸ਼ੀਨਰੀ ਹੈ। ਨਿਗਮ ਦੇ ਸਟਾਕ ’ਤੇ ਨਜ਼ਰ ਮਾਰੀਏ ਤਾਂ ਇਸ ਸਮੇਂ ਨਿਗਮ ਕੋਲ 70 ਟਰੈਕਟਰ ਹਨ। ਜ਼ਿਆਦਾਤਰ ਟਰੈਕਟਰ ਕੌਂਸਲਰਾਂ ਦੇ ਕਬਜ਼ੇ ’ਚ ਹਨ। ਅਜਿਹੇ ’ਚ ਮਸ਼ੀਨਾਂ ਲਈ ਟਰੈਕਟਰ ਕਿੱਥੋਂ ਆਉਣਗੇ। ਜੈਨਰੇਟਰ ਸੈੱਟ ਦੀ ਨਿਗਮ ਕੋਲ ਸਭ ਤੋਂ ਵੱਡੀ ਘਾਟ ਹੈ। ਹਰ ਮਸ਼ੀਨ ਲਈ ਵੱਖਰਾ ਜੈਨਰੇਟਰ ਚਾਹੀਦਾ ਹੈ। ਪਾਣੀ ਟੈਂਕ ਦੀ ਹਾਲਤ ਵੀ ਕੁਝ ਅਜਿਹੀ ਹੀ ਹੈ। ਜ਼ਿਆਦਾਤਰ ਟੈਂਕਰ ਕੌਂਸਲਰਾਂ ਦੇ ਕਬਜ਼ੇ ’ਚ ਹਨ। ਇਨ੍ਹਾਂ ਮਸ਼ੀਨਾਂ ਦੇ ਲਈ ਵੱਖ ਤੋਂ ਟੈਂਕਰ ਦਾ ਪ੍ਰਬੰਧ ਕਰਨਾ ਪਵੇਗਾ।
ਜੈਨਰੇਟਰ ਸੈੱਟ ਕਿਰਾਏ ’ਤੇ ਲੈਣ ਦੀ ਯੋਜਨਾ ਬਣਾ ਰਹੇ ਹਾਂ: ਵਧੀਕ ਕਮਿਸ਼ਨਰ
ਨਗਰ ਨਿਗਮ ਦੇ ਵਧੀਕ ਕਮਿਸ਼ਨਰ ਆਦਿੱਤਿਆ ਡੇਚਵਾਲ ਨੇ ਦੱਸਿਆ ਕਿ ਐਂਟੀ ਸਮੌਗ ਗੰਨ ਚਲਾਉਣ ਲਈ ਸਾਨੂੰ ਜੈਨਰੇਟਰ ਸੈੱਟ ਦੀ ਲੋੜ ਤਾਂ ਪਵੇਗੀ। ਇਸ ਲਈ ਅਸੀਂ ਖਰੀਦਣ ਦੀ ਜਗ੍ਹਾ ਕਿਰਾਏ ’ਤੇ ਲੈਣ ਦੀ ਯੋਜਨਾ ਬਣਾ ਰਹੇ ਹਾਂ। ਹਾਲੇ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਤਹਿਤ 50 ਟਰੈਕਟਰ ਖਰੀਦੇ ਜਾ ਰਹੇ ਹਨ। ਉਸ ’ਚ ਹੀ ਟਰੈਕਟਰ ਇਨ੍ਹਾਂ ’ਤੇ ਲਾ ਦੇਵਾਂਗੇ। ਪਾਣੀ ਟੈਂਕਰ ਵੀ ਲਏ ਜਾਣਗੇ।