ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਅਗਸਤ
ਥਾਣਾ ਦੁੱਗਰੀ ਦੀ ਪੁਲੀਸ ਵੱਲੋਂ ਇਦਵਾਈ ਕੰਪਨੀ ਦੇ ਏਜੰਟ ਨੂੰ ਝੂਠੇ ਕੇਸ ਵਿੱਚ ਫਸਾਉਣ ਦਾ ਡਰਾਵਾ ਦੇ ਕੇ ਹਜ਼ਾਰਾਂ ਰੁਪਏ ਠੱਗਣ ਵਾਲੇ ਦੋ ਨਕਲੀ ਪੁਲੀਸ ਮੁਲਾਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਰਮਨਦੀਪ ਸਿੰਘ ਵਾਸੀ ਐਮਆਈਜੀ ਫਲੈਟ ਫੇਜ਼-1 ਦੁੱਗਰੀ ਨੇ ਦੱਸਿਆ ਹੈ ਕਿ ਉਹ ਦੁੱਗਰੀ ਖੇਤਰ ਵਿੱਚ ਮੈਡੀਕਲ ਸਟੋਰਾਂ ਨੂੰ ਦਵਾਈਆਂ ਦੀ ਸਪਲਾਈ ਕਰਦਾ ਹੈ। ਰਾਤ 9.40 ਵਜੇ ਦੇ ਕਰੀਬ ਉਹ ਮੋਟਰਸਾਈਕਲ ’ਤੇ ਸਵਾਰ ਦੋਸਤ ਲਵਲੀ ਕੁਮਾਰ ਨਾਲ ਪੈਸਿਆਂ ਦੀ ਕੁਲੈਕਸ਼ਨ ਲਈ ਮੈਡੀ ਮੈਡੀਕਲ ਸਟੋਰ ਕਰਤਾਰ ਚੋਕ ਦੁੱਗਰੀ ਜਾ ਰਿਹਾ ਸੀ। ਕਰਤਾਰ ਚੋਕ ਕੋਲ ਐਕਟਿਵਾ ਸਵਾਰ ਦੋ ਲੜਕਿਆਂ ਨੇ ਘੇਰ ਲਿਆ ਅਤੇ ਆਪਣੇ ਆਪ ਨੂੰ ਐਂਟੀ ਨਾਰਕੋਟਿਕ ਟੀਮ ਦੱਸ ਕੇ ਉਸ ਦੀ ਤਲਾਸ਼ੀ ਲਈ ਅਤੇ ਜੇਬ ਵਿੱਚੋਂ 12 ਹਜ਼ਾਰ ਰੁਪਏ ਖੋਹ ਲਏ। ਉਹਨੂੰ ਆਪਣੇ ਨਾਲ ਬਿਠਾਕੇ ਸੀਆਰਪੀਐੱਫ਼ ਕਲੋਨੀ ਦੱਗਰੀ ਵੱਲ ਲੈ ਗਏ। ਉਨ੍ਹਾਂ ਉਸ ਕੋਲੋਂ 40 ਹਜ਼ਾਰ ਰੁਪਏ ਦੀ ਮੰਗ ਕੀਤੀ ਤਾਂ ਉਹ ਉਨ੍ਹਾਂ ਨੂੰ ਦੇਵ ਮੈਡੀਕਲ ਸਟੋਰ ਧਾਂਦਰਾ ਰੋਡ ਤੋਂ ਗੂਗਲ ਪੇਅ ਰਾਹੀਂ 15 ਹਜ਼ਾਰ ਲੈ ਲਏ। ਉਨ੍ਹਾਂ ਫਿਰ ਉਸ ਨੂੰ ਕਾਰ ਵਿੱਚ ਬਿਠਾ ਲਿਆ ਅਤੇ ਸਿਵਲ ਹਸਪਤਾਲ ਦੇ ਪਿੱਛੇ ਲਿਜਾ ਕੇ ਡਰਾ ਕੇ ਉਸ ਦੀ ਵੀਡਿਓ ਬਣਾਈ ਕਿ ਉਹ ਨਸ਼ੇ ਦੀਆਂ ਗੋਲੀਆਂ ਵੇਚਦਾ ਹੈ। ਉਨ੍ਹਾਂ ਉਸ ਨੂੰ 40 ਹਜ਼ਾਰ ਰੁਪਏ ਪੂਰਾ ਕਰਨ ਲਈ ਧਮਕਾਇਆ। ਉਸ ਨੇ ਬਕਾਇਆ ਰਕਮ ਸਵੇਰੇ ਦੇਣ ਦਾ ਵਾਅਦਾ ਕੀਤਾ ਤਾਂ ਉਹ ਉਸ ਨੂੰ ਦੁੱਗਰੀ ਗੁਰਦੁਆਰੇ ਕੋਲ ਛੱਡ ਗਏ। ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਹੈ ਕਿ ਕੇਸ ਦਰਜ ਕਰਨ ਮਗਰੋਂ ਕਮਲਜੀਤ ਸਿੰਘ ਵਾਸੀ ਫੇਜ਼-1 ਦੁੱਗਰੀ ਅਤੇ ਪਵਨ ਕੁਮਾਰ ਵਾਸੀ ਗਲੀ ਨੰਬਰ 5 ਨਿਰਮਲ ਨਗਰ ਦੁੱਗਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।