ਖੇਤੀ ਵਿਰੋਧੀ ਕਾਨੂੰਨ: ਕਿਸਾਨਾਂ ਦਾ ਸੰਘਰਸ਼ ਭਖਿਆ

ਖੇਤੀ ਵਿਰੋਧੀ ਕਾਨੂੰਨ: ਕਿਸਾਨਾਂ ਦਾ ਸੰਘਰਸ਼ ਭਖਿਆ

ਮੁੱਲਾਂਪੁਰ ਵਿੱਚ ਮਸ਼ਾਲ ਮਾਰਚ ਕਰਦੇ ਹੋਏ ਅਧਿਆਪਕ ਫ਼ਰੰਟ ਦੇ ਆਗੂ।

ਗਗਨਦੀਪ ਅਰੋੜਾ
ਲੁਧਿਆਣਾ, 3 ਦਸੰਬਰ

ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਅੱਜ ਕਾਂਗਰਸੀ ਵਰਕਰਾਂ ਨੇ ਭਾਰਤ ਨਗਰ ਚੌਂਕ ਵਿਖੇ ਸੀਨੀਅਰ ਕਾਂਗਰਸੀ ਆਗੂ ਕੇਕੇ ਬਾਵਾ ਦੀ ਅਗਵਾਈ ਵਿਚ ਕੇਂਦਰ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਇਕੱਠੇ ਹੋਏ ਕਾਂਗਰਸੀਆਂ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੇਕੇ ਬਾਵਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਬਿੱਲਾਂ ਦਾ ਕਾਂਗਰਸ ਪਾਰਟੀ ਦਾ ਹਰ ਵਰਕਰ ਡਟ ਕੇ ਵਿਰੋਧ ਕਰਦਾ ਆ ਰਿਹਾ ਹੈ ਅਤੇ ਭਾਜਪਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਨੀਅਤ ਦੇ ਖ਼ਿਲਾਫ਼ ਡਟ ਕੇ ਕਿਸਾਨ ਸੰਘਰਸ਼ ਦੀ ਹਮਾਇਤ ਕਰਦਾ ਹੈ। ਇਸ ਮੌਕੇ ਗੁਰਜੀਤ ਸ਼ੀਨ, ਗਗਨਦੀਪ ਬਾਵਾ, ਮਨਜੀਤ ਸਿੰਘ ਬਿੱਟੂ ਬਾਵਾ, ਰੇਸ਼ਮ ਸਿੰਘ ਸੱਗੂ, ਨਵਦੀਪ ਸਿੰਘ, ਰਮਨਦੀਪ ਸਿੰਘ, ਗੁਰਤੇਜ ਸਿੰਘ, ਪ੍ਰਭਜੋਤ ਸਿੰਘ ਸੇਖੋਂ, ਚੌਧਰੀ ਮਨੀ ਖੀਵਾ, ਅਮਰਜੀਤ ਸ਼ਰਮਾ ਆਦਿ ਮੌਜੂਦ ਸਨ।

ਗੁਰੂਸਰ ਸੁਧਾਰ (ਸੰਤੋਖ ਗਿੱਲ): ਡੈਮੋਕਰੈਟਿਕ ਟੀਚਰਜ਼ ਫ਼ਰੰਟ ਦੇ ਸੱਦੇ ’ਤੇ ਲੁਧਿਆਣਾ ਜ਼ਿਲ੍ਹੇ ਦੇ ਅੱਧੀ ਦਰਜਨ ਬਲਾਕਾਂ ਦੇ ਅਧਿਆਪਕਾਂ ਨੇ ਦੇਰ ਸ਼ਾਮ ਕਿਸਾਨ ਘੋਲ ਦੇ ਹੱਕ ਅਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਉੱਤੇ ਕੀਤੇ ਜਾ ਰਹੇ ਤਸ਼ੱਦਦ ਦੇ ਵਿਰੋਧ ਵਿੱਚ ਅੱਜ ਮੁੱਲਾਂਪੁਰ ਦੇ ਮੁੱਖ ਬਾਜ਼ਾਰ ਵਿੱਚ ਮਸ਼ਾਲ ਮਾਰਚ ਕੀਤਾ। ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਮੁੱਲਾਂਪੁਰ, ਜ਼ਿਲ੍ਹਾ ਵਿੱਤ ਸਕੱਤਰ ਮਨਜਿੰਦਰ ਸਿੰਘ ਚੀਮਾ, ਮਨਜੀਤ ਸਿੰਘ ਬੁਢੇਲ, ਹਰਜੀਤ ਸਿੰਘ ਸੁਧਾਰ ਨੇ ਸੰਬੋਧਨ ਕੀਤਾ।

ਖੰਨਾ (ਜੋਗਿੰਦਰ ਸਿੰਘ ਓਬਰਾਏ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇਥੋਂ ਦੇ ਰੇਲਵੇ ਸਟੇਸ਼ਨ ਦੇ ਬਾਹਰ 63ਵੇਂ ਦਿਨ ਵੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠਾਂ ਕਿਸਾਨਾਂ ਦਾ ਸ਼ਾਂਤਮਈ ਧਰਨਾ ਲਗਾਤਾਰ ਜਾਰੀ ਰਿਹਾ ਅਤੇ ਅੱਜ ਭੁੱਖ ਹੜਤਾਲ ਦੇ 16ਵੇਂ ਦਿਨ ਰਛਪਾਲ ਸਿੰਘ ਮਾਨ, ਪ੍ਰਭਜੋਤ ਸਿੰਘ, ਗੁਰਨੀਤ ਸਿੰਘ ਤੇ ਹਵਾ ਸਿੰਘ ਬੈਠੇ।

ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਪਿਛਲੇ ਲੱਗਭੱਗ 8 ਦਿਨਾਂ ਤੋਂ ਦਿੱਲੀ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚੇ ਦੀ ਚੜਦੀਕਲ੍ਹਾ ਅਤੇ ਸਫਲਤਾ ਲਈ ਲੁਧਿਆਣਾ-ਫਿਰੋਜ਼ਪੁਰ ਮਾਰਗ ਤੇ ਚੌਕੀਮਾਨ ਟੌਲ ਪਲਾਜ਼ੇ ’ਤੇ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ। ਸਮਾਗਮ’ਚ ਇਲਾਕੇ ਭਰ ਦੇ ਕਰੀਬ 18 ਪਿੰਡਾਂ ਤੋਂ ਕਿਸਾਨ ਬੀਬੀਆਂ,ਬਜ਼ੁਰਗ ਅਤੇ ਬੱਚੇ ਸ਼ਾਮਿਲ ਹੋਏ।

ਕ੍ਰਿਸਚੀਅਨ ਭਾਈਚਾਰੇ ਵੱਲੋਂ ਕਿਸਾਨੀ ਅੰਦੋਲਨ ਦੀ ਹਮਾਇਤ ? ਲੁਧਿਆਣਾ(ਗੁਰਿੰਦਰ ਸਿੰਘ): ਕ੍ਰਿਸਚੀਅਨ ਯੂਨਾਈਟਿਡ ਫੈਡਰੇਸ਼ਨ ਨੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਰੱਦ ਕਰਨ ਦੀ ਮੰਗ ਨੂੰ ਲੈ ਕੇ ਚੱਲ ਰਹੇ ਅੰਦੋਲਨ ਦੀ ਡਟ ਕੇ ਹਮਾਇਤ ਕੀਤੀ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਅਲਬਰਟ ਦੂਆ ਨੇ ਕਿਹਾ ਕਿ ਮੋਦੀ ਸਰਕਾਰ ਵਾਰ-ਵਾਰ ਇਹ ਦਾਅਵੇ ਕਰ ਰਹੀ ਹੈ ਕਿ ਜੋ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਗਏ ਹਨ, ਉਹ ਕਿਸਾਨ ਪੱਖੀ ਹਨ। ਜਿਸ ਕਿਸਾਨੀ ਨੂੰ ਲੈ ਕੇ ਇਹ ਆਰਡੀਨੈਂਸ ਲਾਗੂ ਕੀਤੇ ਜਾ ਰਹੇ ਹਨ, ਜਦੋਂ ਉਨਾਂ ਨੂੰ ਇਹ ਮਨਜ਼ੂਰ ਨਹੀਂ ਤਾਂ ਸਰਕਾਰ ਕਿਉਂ ਕਿਸਾਨੀ ਤੇ ਜਬਰੀ ਥੋਪ ਕੇ ਅੰਦੋਲਨ ਦੇ ਰਸਤੇ ’ਤੇ ਚੱਲਣ ਲਈ ਮਜਬੂਰ ਕਰ ਰਹੀ ਹੈ।

ਕਿਸਾਨਾਂ ਲਈ ਜ਼ਰੂਰੀ ਵਸਤਾਂ ਲੈ ਕੇ ਪੁੱਜੇ ਮਾਛੀਵਾੜਾ ਦੇ ਆੜ੍ਹਤੀ

ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀਬਾੜੀ ਆਰਡੀਨੈਂਸਾਂ ਖ਼ਿਲਾਫ਼ ਦਿੱਲੀ ਦਾ ਘਿਰਾਓ ਕਰ ਜੋ ਅੰਦੋਲਨ ਕੀਤਾ ਜਾ ਰਿਹਾ ਹੈ ਉਸਦੇ ਸਮਰਥਨ ’ਚ ਹੁਣ ਹਰੇਕ ਵਰਗ ਉਤਰ ਗਿਆ ਹੈ, ਜਿਸ ਤਹਿਤ ਹੁਣ ਅਨਾਜ ਮੰਡੀ ਦੇ ਆੜ੍ਹਤੀ ਵੀ ਦਿੱਲੀ ਵਿੱਚ ਉਨ੍ਹਾਂ ਲਈ ਜ਼ਰੂਰੀ ਵਸਤਾਂ ਲੈ ਕੇ ਪੁੱਜੇ। ਮਾਛੀਵਾੜਾ ਤੋਂ ਆੜ੍ਹਤੀ ਤੇ ਕਾਂਗਰਸੀ ਆਗੂ ਮੋਹਿਤ ਕੁੰਦਰਾ ਆਪਣੇ ਸਾਥੀਆਂ ਸਮੇਤ ਦਿੱਲੀ ਪੁੱਜੇ, ਇਸ ਮੌਕੇ ਉਨ੍ਹਾਂ ਨਾਲ ਪ੍ਰਿੰਸ ਮਿੱਠੇਵਾਲ, ਵਿਨੀਤ ਕੌਸ਼ਲ, ਕੁਲਵਿੰਦਰ ਸਿੰਘ ਖੇੜਾ, ਸੁਖਵਿੰਦਰ ਸਿੰਘ ਭੱਟੀਆਂ, ਅਮਰੀਕ ਸਿੰਘ ਧਾਰੀਵਾਲ ਵੀ ਮੌਜੂਦ ਸਨ।

ਰਾਜੋਆਣਾ ਖ਼ੁਰਦ ਵਿੱਚ ਵਿਦਿਆਰਥੀਆਂ ਨੇ ਮੋਦੀ ਦਾ ਪੁਤਲਾ ਫੂਕਿਆ

ਗੁਰੂਸਰ ਸੁਧਾਰ: ਰਾਜੋਆਣਾ ਖ਼ੁਰਦ ਵਿੱਚ ਵੱਡੀ ਗਿਣਤੀ ਸਕੂਲੀ ਬੱਚਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਮੇਤ ਪਿੰਡ ਦੀਆਂ ਗਲੀਆਂ ਵਿੱਚ ਫੇਰੀ ਪਾਉਣ ਬਾਅਦ ਗੁਰੂ ਗੋਬਿੰਦ ਸਿੰਘ ਮਾਰਗ ਉੱਪਰ ਮੁੱਖ ਚੌਕ ਵਿਚ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਅਰਥੀ ਨੂੰ ਲਾਂਬੂ ਲਾ ਦਿੱਤਾ। ਗੁਰਲੀਨ ਕੌਰ, ਜਸਲੀਨ ਕੌਰ ਪ੍ਰਿੰਸਪ੍ਰੀਤ ਸਿੰਘ, ਗੁਰਕੀਰਤਨ ਸਿੰਘ, ਹਰਕਮਲਪ੍ਰੀਤ ਸਿੰਘ ਦੀ ਅਗਵਾਈ ਵਿੱਚ ਵਿਦਿਆਰਥੀਆਂ ਸਮੇਤ ਆਂਗਣਵਾੜੀ ਦੇ ਮਾਸੂਮ ਬੱਚਿਆਂ ਨੇ ਵੀ ਦਿੱਲੀ ਦੇ ਕਿਸਾਨ ਮੋਰਚੇ ਵਿਚ ਸ਼ਾਮਲ ਕਿਸਾਨਾਂ ਅਤੇ ਮਜ਼ਦੂਰਾਂ ਨੂੰ ‘ਪਿੱਛੇ ਦਾ ਤੁਸੀਂ ਫ਼ਿਕਰ ਨਾ ਕਰਿਓ, ਅਸੀਂ ਆਪਣਾ ਫ਼ਰਜ਼ ਨਿਭਾਵਾਂਗੇ’ ਦਾ ਸੁਨੇਹਾ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All