ਲੁਧਿਆਣਾ: ਚੰਡੀਗੜ੍ਹ ਰੋਡ ਸਥਿਤ ਸੈਕਟਰ 32 ਕੋਲ ਓਂਕਾਰ ਵਿਹਾਰ ’ਚ ਸਰਕਾਰੀ ਥਾਂ ’ਤੇ ਕੀਤਾ ਕਬਜ਼ਾ ਛੁਡਵਾਉਣ ਗਈ ਨਗਰ ਨਿਗਮ ਦੀ ਟੀਮ ਦਾ ਵਿਰੋਧ ਕਰਦੇ ਹੋਏ ਖੁਦ ਨੂੰ ਅੱਗ ਲਾਉਣ ਵਾਲੇ ਦੂਜੇ ਨੌਜਵਾਨ ਅਨਮੋਲ ਦੀ ਵੀ ਮੌਤ ਹੋ ਗਈ। ਇਸ ਤੋਂ ਪਹਿਲਾਂ ਅਨਮੋਲ ਦੇ ਭਰਾ ਵੀਰੂ ਦੀ ਪੀਜੀਆਈ ਚੰਡੀਗੜ੍ਹ ’ਚ ਮੌਤ ਹੋ ਗਈ ਸੀ। ਸ਼ੁੱਕਰਵਾਰ ਦੀ ਸਵੇਰੇ ਪਰਿਵਾਰ ਵਾਲਿਆਂ ਨੇ ਇਸ ਦਾ ਵਿਰੋਧ ਕੀਤਾ। ਪਰਿਵਾਰ ਵਾਲਿਆਂ ਨੇ ਮੰਗ ਕੀਤੀ ਕਿ ਜਿਸ ਥਾਂ ’ਤੇ ਉਹ ਰਹਿੰਦੇ ਹਨ, ਉਹ ਉਨ੍ਹਾਂ ਦੇ ਪਰਿਵਾਰ ਦੇ ਨਾਮ ਕੀਤੀ ਜਾਵੇ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਖੁਦਕੁਸ਼ੀ ਕਰਨ ਲਈ ਉਕਸਾਉਣ ਵਾਲੇ ਮੁਲਜ਼ਮਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਹੀ ਉਹ ਅਨਮੋਲ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਅੰਤਿਮ ਸੰਸਕਾਰ ਕਰਨਗੇ। ਪੁਲੀਸ ਦਾ ਕਹਿਣਾ ਹੈ ਕਿ ਪਰਿਵਾਰ ਨਾਲ ਗੱਲਬਾਤ ਚੱਲ ਰਹੀ ਹੈ। ਓਂਕਾਰ ਬਿਹਾਰ ’ਚ ਕੁਝ ਦਿਨ ਪਹਿਲਾਂ ਨਿਗਮ ਦੀ ਕਾਰਵਾਈ ਦਾ ਵਿਰੋਧ ਕਰਨ ਵਾਲੇ ਦੋਵੇਂ ਭਰਾਵਾਂ ਵੀਰੂ ਤੇ ਅਨਮੋਲ ਨੇ ਖੁਦ ’ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਲਈ। ਅਨਮੋਲ ਨੂੰ ਡੀਐੱਮਸੀ ਰੈਫ਼ਰ ਕਰ ਦਿੱਤਾ ਗਿਆ ਸੀ, ਜਿੱਥੇ ਵੀਰਵਾਰ ਦੀ ਦੇਰ ਰਾਤ ਨੂੰ ਉਸ ਦੀ ਮੌਤ ਹੋ ਗਈ। ਮਗਰੋਂ ਵਾਲਮੀਕਿ ਸੰਘ ਦੇ ਅਹੁਦੇਦਾਰ ਵਿੱਕੀ ਸਹੋਤਾ ਤੇ ਸਾਥੀ ਸ਼ੁੱਕਰਵਾਰ ਦੀ ਸਵੇਰੇ ਥਾਣਾ ਡਿਵੀਜ਼ਨ ਨੰ. 7 ਵਿਖੇ ਪੁੱਜੇ ਤੇ ਏਐੱਸਆਈ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਚਿਤਾਵਨੀ ਦਿੱਤੀ ਕਿ ਪੁਲੀਸ ਪਰਿਵਾਰ ਦੀਆਂ ਮੰਗਾਂ ਪੂਰੀਆਂ ਕਰੇ ਨਹੀਂ ਤਾਂ ਪ੍ਰਦਰਸ਼ਨ ਹੋਰ ਤੇਜ਼ ਕਰਨਗੇ। ਥਾਣਾ ਡਿਵੀਜ਼ਨ ਨੰ. 7 ਦੇ ਐੱਸਐੱਚਓ ਇੰਸਪੈਕਟਰ ਸੁਖਦੇਵ ਸਿੰਘ ਬਰਾੜ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਅੱਗੇ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਸਲਾਹ ਤੋਂ ਬਾਅਦ ਹੀ ਕੁਝ ਕੀਤਾ ਜਾਵੇਗਾ। -ਟਨਸ