ਸੰਤੋਖ ਗਿੱਲ
ਗੁਰੂਸਰ ਸੁਧਾਰ, 23 ਸਤੰਬਰ
ਨਿਰਮਾਣ ਅਧੀਨ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਤੋਂ ਹਾਲ ਦੀ ਘੜੀ ਕੋਈ ਜਹਾਜ਼ ਉੱਡਣ ਦੀ ਆਸ ਤਾਂ ਮੱਧਮ ਪੈ ਗਈ ਹੈ, ਪਰ ਹਵਾਈ ਅੱਡੇ ਲਈ ਜ਼ਮੀਨ ਦੇਣ ਵਾਲੇ ਕਿਸਾਨਾਂ ਦੇ ਬਕਾਏ ਦਿਵਾਉਣ ਲਈ ਕਈ ਜਥੇਬੰਦੀਆਂ ਵੱਲੋਂ ਪਹਿਲੀ ਅਕਤੂਬਰ ਤੋਂ ਹਵਾਈ ਅੱਡੇ ਦੇ ਮੁੱਖ ਗੇਟ ਸਾਹਮਣੇ ਪੱਕਾ ਮੋਰਚਾ ਲਾਉਣ ਦਾ ਐਲਾਨ ਜ਼ਰੂਰ ਕਰ ਦਿੱਤਾ ਗਿਆ ਹੈ।
ਪਿੰਡ ਐਤੀਆਣਾ ਦੇ ਖੰਘੂੜਿਆਂ ਦੇ ਦਰਵਾਜ਼ੇ ਵਿੱਚ ਇਕੱਤਰਤਾ ਦੌਰਾਨ 13 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਕਰ ਕੇ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਸਰਪੰਚ ਲਖਵੀਰ ਸਿੰਘ ਦੀ ਅਗਵਾਈ ਵਿੱਚ ਬਣੀ ਐਕਸ਼ਨ ਕਮੇਟੀ ਦੇ ਆਗੂਆਂ ਨੇ ਇਕਸੁਰ ਵਿੱਚ ਕਿਹਾ ਕਿ ਲੰਬਾ ਅਰਸਾ ਬੀਤਣ ਤੋਂ ਬਾਅਦ ਵੀ 161 ਏਕੜ ਏਕੜ ਵਿੱਚੋਂ ਪੁੱਟੇ ਗਏ ਦਰੱਖਤਾਂ, ਮੋਟਰਾਂ ਅਤੇ ਪੱਕੇ ਖਾਲਿਆਂ ਦਾ ਮੁਆਵਜ਼ਾ ਕਿਸਾਨਾਂ ਨੂੰ ਅਦਾ ਨਹੀਂ ਕੀਤਾ ਗਿਆ ਹੈ। ਪਿੰਡ ਦੀ ਪੰਚਾਇਤ ਵੱਲੋਂ ਹਵਾਈ ਅੱਡੇ ਨਾਲ ਲੱਗਦੇ ਰਸਤੇ ਦੀ ਰਕਮ ਅਦਾ ਕਰਨ ਦੇ ਬਾਵਜੂਦ ਹਾਲੇ ਤੱਕ ਉਸ ਦੀ ਮਾਲਕੀ ਪੰਚਾਇਤ ਦੇ ਨਾਮ ਤਬਦੀਲ ਨਹੀਂ ਕੀਤੀ ਗਈ।
ਭਾਕਿਯੂ (ਧਨੇਰ), ਭਾਕਿਯੂ (ਸਿੱਧੂਪੁਰ), ਕੁੱਲ ਹਿੰਦ ਕਿਸਾਨ ਸਭਾ ਸਮੇਤ ਹੋਰ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਪਿੰਡ ਐਤੀਆਣਾ ਦੇ ਲੋਕਾਂ ਨਾਲ ਸੁਰ ਮਿਲਾਉਂਦੇ ਹੋਏ ਸ਼ਹੀਦ ਕਰਤਾਰ ਸਿੰਘ ਸਰਾਭਾ ਕੌਮਾਂਤਰੀ ਹਵਾਈ ਅੱਡੇ ਦੇ ਨਾਮ ਨਾਲ ਪਿੰਡ ਐਤੀਆਣਾ ਦਾ ਨਾਮ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਸਰਬਸੰਮਤੀ ਨਾਲ ਪਾਸ ਇਕ ਮਤੇ ਰਾਹੀਂ ਇਕ ਹਫ਼ਤੇ ਦੇ ਅੰਦਰ ਮੰਗਾਂ ਪੂਰੀਆਂ ਨਾ ਕਰਨ ਦੀ ਸੂਰਤ ਵਿੱਚ ਪਹਿਲੀ ਅਕਤੂਬਰ ਤੋਂ ਹਵਾਈ ਅੱਡੇ ਦੇ ਮੁੱਖ ਗੇਟ ’ਤੇ ਪੱਕਾ ਮੋਰਚਾ ਲਾਉਣ ਦੀ ਚਿਤਾਵਨੀ ਦਿੱਤੀ ਗਈ ਹੈ। ਇਕ ਹੋਰ ਮਤੇ ਰਾਹੀਂ ਪਿੰਡ ਦੇ ਗਰੀਬ ਪਰਿਵਾਰਾਂ ਦੇ ਕੱਟੇ ਗਏ ਰਾਸ਼ਨ ਕਾਰਡ ਬਹਾਲ ਕਰਨ ਅਤੇ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਮੰਗ ਵੀ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਆਪਣੀਆਂ ਮੰਗਾਂ ਬਾਰੇ ਹੁੰਗਾਰਾ ਨਾ ਭਰਨ ਕਰ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨਾਲ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ।
ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦਿੰਦਿਆਂ ਇਹ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।