ਅੱਜ ਗੁਰੂ ਪੁੰਨਿਆ ਦਾ ਪਵਿੱਤਰ ਦਿਹਾੜਾ ਹੈ, ਜਿਸ ਦਿਨ ਹਰੇਕ ਵਿਅਕਤੀ ਆਪਣੇ ਗੁਰੂ ਚਾਹੇ ਉਹ ਸਿੱਖਿਆ, ਧਰਮ ਜਾਂ ਕਿਸੇ ਵੀ ਖੇਤਰ ਵਿਚ ਹੋਵੇ ਉਸ ਨੂੰ ਨਮਸਕਾਰ ਕਰਦਾ ਹੈ ਪਰ ਇਸ ਦੌਰਾਨ ਇੱਕ ਚੇਲੇ ਨੇ ਆਪਣੇ ਹੀ ਸਿੱਖਿਅਕ ਪ੍ਰਿੰਸੀਪਲ ਨੂੰ ਰਾਹ ਵਿੱਚ ਘੇਰ ਕੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਫਿਰ ਵੀਡੀਓ ਬਣਵਾ ਕੇ ਸੋਸ਼ਲ ਮੀਡੀਆ ’ਤੇ ਵਾਈਰਲ ਕਰ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਗਿਆਰ੍ਹਵੀਂ ਜਮਾਤ ਦੇ ਨਾਬਾਲਗ ਲੜਕੇ ਨੂੰ ਸਕੂਲ ਪ੍ਰਿੰਸੀਪਲ ਨੇ ਇਸ ਗੱਲੋਂ ਝਿੜਕਿਆ ਕਿ ਉਸ ਨੇ ਆਪਣੇ ਸਰੀਰ ’ਤੇ ਕਈ ਤਰ੍ਹਾਂ ਦੇ ਟੈਟੂ ਬਣਵਾਏ ਹੋਏ ਹਨ, ਹੇਅਰ ਸਟਾਈਲ ਵੀ ਅਨੋਖਾ ਰੱਖਿਆ ਹੋਇਆ ਅਤੇ ਨਾਲ ਹੀ ਇੰਚਾਰਜ ਨੇ ਇਹ ਸ਼ਿਕਾਇਤ ਲਾਈ ਕਿ ਇਹ ਵਿਦਿਆਰਥੀ ਸਕੂਲ ਵਿੱਚ ਅਨੁਸਾਸ਼ਨ ਵੀ ਭੰਗ ਕਰਦਾ ਹੈ। ਪ੍ਰਿੰਸੀਪਲ ਵੱਲੋਂ ਜਦੋਂ ਵਿਦਿਆਰਥੀ ਨੂੰ ਝਿੜਕਿਆ ਜਾ ਰਿਹਾ ਸੀ ਤਾਂ ਉਹ ਅੱਗੋਂ ਗਲਤੀ ਮੰਨਣ ਦੀ ਬਜਾਏ ਆਪਣੇ ਗੁਰੂ ਨਾਲ ਬਹਿਸਬਾਜ਼ੀ ਕਰਨ ਲੱਗਾ ਅਤੇ ਦੋਵਾਂ ਵਿਚਕਾਰ ਤਕਰਾਰ ਵਧ ਗਈ।
ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਨੇ ਮਨ ਵਿੱਚ ਰੰਜ਼ਿਸ਼ ਰੱਖੀ ਅਤੇ ਛੁੱਟੀ ਮਗਰੋਂ ਜਦੋਂ ਪ੍ਰਿੰਸੀਪਲ ਆਪਣੇ ਸਕੂਟਰ ’ਤੇ ਸਵਾਰ ਹੋ ਘਰ ਜਾਣ ਲੱਗਾ ਤਾਂ ਰਾਹ ਵਿੱਚ ਉਸ ’ਤੇ ਹਮਲਾ ਕਰ ਦਿੱਤਾ। ਇਸ ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਕੁੱਟਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਨੇ ਆਪਣੇ ਉੱਪਰ ਹੋਏ ਅਚਾਨਕ ਹਮਲੇ ਤੋਂ ਬਚਾਅ ਕੀਤਾ। ਇਸ ਦੌਰਾਨ ਇਹ ਲੜਕਾ ਫ਼ਰਾਰ ਹੋ ਗਿਆ ਪਰ ਨਾਲ ਹੀ ਦੂਰ ਖੜ੍ਹੇ ਇੱਕ ਹੋਰ ਵਿਦਿਆਰਥੀ ਨੇ ਪ੍ਰਿੰਸੀਪਲ ’ਤੇ ਹੋਏ ਹਮਲੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਗੀਤ ਲਾ ਕੇ ਵਾਈਰਲ ਕਰ ਦਿੱਤੀ।
ਅੱਜ ਸਵੇਰੇ ਜਦੋਂ ਸਕੂਲ ਜਾ ਕੇ ਪੱਤਰਕਾਰਾਂ ਨੇ ਕੈਂਪਸ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਬੜੀ ਮੰਦਭਾਗੀ ਘਟਨਾ ਹੈ ਜਿਸ ਸਬੰਧੀ ਉਨ੍ਹਾਂ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਨਾਲ ਹੀ ਵਿਦਿਆਰਥੀ ਦਾ ਨਾਮ ਸਕੂਲ ’ਚੋਂ ਕੱਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਪੇ ਵੀ ਫ਼ਰਜ਼ ਸਮਝਦੇ ਹੋਏ ਆਪਣੇ ਬੱਚਿਆਂ ਨੂੰ ਅਨੁਸਾਸ਼ਨ ਵਿੱਚ ਰਹਿਣਾ ਸਿਖਾਉਣ ਤਾਂ ਜੋ ਉਹ ਆਪਣੇ ਗੁਰੂ ਦੀ ਕਦਰ ਕਰਨ।
ਮਾਮਲੇ ਦੀ ਸ਼ਿਕਾਇਤ ਮਿਲਣ ਮਗਰੋਂ ਜਾਂਚ ਵਿੱਢੀ: ਥਾਣਾ ਮੁਖੀ
ਥਾਣਾ ਮਾਛੀਵਾੜਾ ਮੁਖੀ ਚਰਨਜੀਤ ਸਿੰਘ ਨੇ ਕਿਹਾ ਕਿ ਸਕੂਲ ਦੇ ਪ੍ਰਿੰਸੀਪਲ ਤਰਫ਼ੋਂ ਇੱਕ ਵਿਦਿਆਰਥੀ ਵੱਲੋਂ ਉਸ ਉੱਪਰ ਹਮਲਾ ਕਰਨ ਦੀ ਸ਼ਿਕਾਇਤ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਵੀ ਸ਼ਿਕਾਇਤ ਮਿਲੀ ਹੈ ਕਿ ਹਮਲੇ ਦੀ ਵੀਡੀਓ ਬਣਾ ਸੋਸ਼ਲ ਮੀਡੀਆ ’ਤੇ ਵਾਈਰਲ ਕੀਤੀ ਹੈ, ਜਿਸ ਦੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਵੀਡੀਓ ਕਿਸ ਨੇ ਵਾਈਰਲ ਕੀਤੀ। ਥਾਣਾ ਮੁਖੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਮਾਪਿਆਂ ਨੂੰ ਥਾਣੇ ਬੁਲਾਇਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

