4 ਤੋਂ 9 ਤੱਕ ਝੰਡਾ ਮਾਰਚ ਕਰੇਗੀ ਆਂਗਣਵਾੜੀ ਮੁਲਾਜ਼ਮ ਯੂਨੀਅਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਜੂਨ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਅੱਜ ਇਥੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਹੇਠ ਜਨਰਲ ਬਾਡੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ’ਚ ਜ਼ਿਮਨੀ ਹਲਕੇ ਵਿੱਚ ਝੰਡਾ ਮਾਰਚ ਕਰਨ ਦਾ ਫੈ਼ਸਲਾ ਕੀਤਾ ਗਿਆ। ਮੀਟਿੰਗ ਵਿੱਚ ਕੌਮੀ ਪ੍ਰਧਾਨ ਊਸ਼ਾ ਰਾਣੀ ਨੇ ਕਿਹਾ ਕਿ ਅੱਜ ਦੇਸ਼ ਭਰ ਵਿੱਚ ਜਿੱਥੇ ਪੋਸ਼ਣ ਟਰੈਕ ਦੇ ਨਾਂ ’ਤੇ ਆਂਗਣਵਾੜੀ ਵਰਕਰਾਂ/ਹੈਲਪਰਾਂ ਦਾ ਮਾਨਸਿਕ ਸੋਸ਼ਣ ਕੀਤਾ ਜਾ ਰਿਹਾ ਹੈ ਉੱਥੇ ਲਾਭਪਾਤਰੀਆਂ ਨੂੰ ਵੀ ਲਾਭ ਤੋਂ ਵਾਂਝੇ ਕਰਨ ਦੇ ਉਪਰਾਲੇ ਹੋ ਰਹੇ ਹਨ।
ਲਾਭਪਾਤਰੀਆਂ ਨੂੰ ਵੰਡਿਆ ਜਾਣ ਵਾਲਾ ਨਿਗੂਣਾ ਜਿਹਾ ਸਪਲੀਮੈਂਟਰੀ ਨਿਊਟਰੀਸ਼ਨ ਜੋ 15 ਦਿਨਾਂ ਦਾ 300 ਗ੍ਰਾਮ ਬਣਦਾ ਹੈ ਤੇ ਮਹੀਨੇ ਵਿੱਚ ਦੋ ਕਿਸ਼ਤਾਂ ਦੇਣੀਆਂ ਹੁੰਦੀਆਂ ਹਨ। ਪਰ ਉਹ ਵੀ ਮੋਬਾਈਲ ਨੰਬਰ ਕੇਵਾਈਸੀ ਕਰਕੇ ਅਤੇ ਓਟੀਪੀ ਲੈ ਕੇ ਪ੍ਰਾਪਤ ਕਰਤਾ ਦੀ ਫੋਟੋ ਖਿੱਚ ਕੇ ਦੇਣਾ ਹੈ। ਜੇਕਰ ਫੋਟੋ ਮੈਚ ਨਹੀਂ ਹੋਏਗੀ ਜਾਂ ਮੋਬਾਈਲ ’ਤੇ ਓਟੀਪੀ ਨਹੀਂ ਆਵੇਗਾ ਤੇ ਬੱਚੇ ਨੂੰ ਨਿਊਟਰੀਸ਼ਨ ਨਹੀਂ ਦਿੱਤਾ ਜਾਵੇਗਾ। ਸੂਬਾ ਜਨਰਲ ਸਕੱਤਰ ਕਾਮਰੇਡ ਚੰਦਰਸ਼ੇਖਰ ਨੇ ਕਿਹਾ ਕਿ ਗਰੀਬ ਲਾਭਪਾਤਰੀ ਆਂਗਣਵਾੜੀ ਕੇਂਦਰਾਂ ਤੋਂ ਸਪਲੀਮੈਂਟਰੀ ਨਿਊਟਰੀਸ਼ਨ ਪ੍ਰਾਪਤ ਕਰਦੇ ਹਨ। ਪਰ ਸਰਕਾਰ ਦੀਆਂ ਨਿੱਤ ਨਵੀਆਂ ਨੀਤੀਆਂ ਆਈ.ਸੀ.ਡੀ.ਐਸ ਨੂੰ ਖਾਤਮੇ ਵੱਲ ਲੈ ਕੇ ਜਾ ਰਹੀਆ ਹਨ। ਇਹ ਸਰਕਾਰ ਦੀ ਨੀਤੀ ਆਈ.ਸੀ.ਡੀ.ਐਸ ਦੁਆਰਾ ਦਿੱਤੇ ਜਾਂਦੇ ਸਪਲੀਮੈਂਟਰੀ ਨਿਊਟਰੀਸ਼ਨ ਬੱਚਿਆਂ ਦੇ ਮੂੰਹੋ ਖੋਹਣ ਦੀ ਤਿਆਰੀ ਹੋ ਰਹੀ ਹੈ। ਵਿਭਾਗ ਵੱਲੋਂ ਲਗਾਤਾਰ ਆਦੇਸ਼ ਜਾਰੀ ਕੀਤੇ ਜਾਂਦੇ ਹਨ ਨਿਊਟਰੀਸ਼ਨ ਦਾ ਲਾਭ ਤਾਂ ਦਿੱਤਾ ਜਾਏਗਾ ਜੇ ਫੇਸ ਆਈਡੀ ਹੋਵੇਗੀ। ਜੋ ਰਾਈਟ ਟੂ ਫੂਡ ਅਤੇ ਰਾਈਟ ਟੂ ਚਿਲਡਰਨ ਦਾ ਸਿੱਧਾ ਹੀ ਘਾਣ ਹੈ। ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਕਿਹਾ ਕਿ ਸਰਕਾਰ ਦੀ ਪੋਲ ਖੋਲਣ ਵਾਸਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਲੁਧਿਆਣਾ ਵਿਖੇ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਆਪਣੇ ਹੱਕਾਂ ਦੀ ਆਵਾਜ਼ ਉਠਾਈ ਜਾਵੇਗੀ ਅਤੇ ਜਿਮਨੀ ਹਲਕੇ ਵਿੱਚ ਝੰਡਾ ਮਾਰਚ ਕੀਤਾ ਜਾਵੇਗਾ। 4 ਜੂਨ ਤੋਂ ਲੈ ਕੇ 9 ਜੂਨ ਤੱਕ ਸਰਕਾਰ ਦੀ ਪੋਲ ਖੋਲ੍ਹਦੇ ਹੋਏ ਲੁਧਿਆਣਾ ਵਿਖੇ ਸਰਕਾਰ ਦੇ ਪ੍ਰਚਾਰ ਦੇ ਨਾਲ ਨਾਲ ਸਰਕਾਰ ਦੀਆਂ ਕਾਰਗੁਜ਼ਾਰੀਆਂ ਦਾ ਵੀ ਪ੍ਰਚਾਰ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ, ਮੀਤ ਪ੍ਰਧਾਨ ਕ੍ਰਿਸ਼ਨਾ ਕੁਮਾਰੀ, ਸੁਰਜੀਤ ਕੌਰ, ਭਿੰਦਰ ਕੌਰ ਗੌਸਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਰਕਰ/ਹੈਲਪਰ ਹਾਜ਼ਰ ਸਨ।