ਆਂਡਲੂ ਸਕੂਲ: ਅਧਿਆਪਕਾ ਦੀ ਕਰੋਨਾ ਪਾਜ਼ੇਟਿਵ ਰਿਪੋਰਟ ਨੇ ਪਾਇਆ ਵਖ਼ਤ

ਆਂਡਲੂ ਸਕੂਲ: ਅਧਿਆਪਕਾ ਦੀ ਕਰੋਨਾ ਪਾਜ਼ੇਟਿਵ ਰਿਪੋਰਟ ਨੇ ਪਾਇਆ ਵਖ਼ਤ

ਰੌਸ਼ਨੀ ਮੇਲੇ ਮੌਕੇ ਜਗਰਾਉਂ ਵਿੱਚ ਬਿਨਾਂ ਮਾਸਕ ਤੋਂ ਦਿਖਾਈ ਦੇ ਰਹੇ ਰਾਹਗੀਰ ਅਤੇ ਦੁਕਾਨਦਾਰ।

ਸੰਤੋਖ ਗਿੱਲ 

ਗੁਰੂਸਰ ਸੁਧਾਰ, 25 ਫਰਵਰੀ

ਮੁੱਢਲਾ ਸਿਹਤ ਕੇਂਦਰ ਪੱਖੋਵਾਲ ਅਧੀਨ ਪੈਂਦੇ ਸਰਕਾਰੀ ਹਾਈ ਸਕੂਲ ਆਂਡਲੂ ਦੀ ਹਿੰਦੀ ਅਧਿਆਪਕਾ ਦੀਪਿਕਾ (30) ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਹਾਹਾਕਾਰ ਮੱਚ ਗਈ ਹੈ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਸਕੂਲ ਦੇ ਸਮੁੱਚੇ ਸਟਾਫ਼ ਦੇ 10 ਮੈਂਬਰਾਂ ਸਮੇਤ 2 ਮਿਡ-ਡੇਅ ਮੀਲ ਕਰਮਚਾਰੀਆਂ ਦੇ ਨਮੂਨੇ ਲਏ ਗਏ ਹਨ। ਲੁਧਿਆਣਾ ਸ਼ਹਿਰ ਨਾਲ ਸਬੰਧਤ ਅਧਿਆਪਕਾ ਸ੍ਰੀਮਤੀ ਦੀਪਿਕਾ ਦਾ 23 ਫਰਵਰੀ ਨੂੰ ਕੋਵਿਡ-19 ਤਹਿਤ ਉਸ ਦਾ ਨਮੂਨਾ ਲਿਆ ਗਿਆ ਸੀ, ਜਿਸ ਦੀ ਅੱਜ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਅਧਿਆਪਕਾ ਪਿਛਲੇ 4-5 ਦਿਨਾਂ ਤੋਂ ਛੁੱਟੀ ’ਤੇ ਸਨ ਅਤੇ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਸਕੂਲ ਸਟਾਫ਼ ਅਤੇ ਬੱਚਿਆਂ ਦੇ ਮਾਪੇ ਫ਼ਿਕਰਮੰਦ ਹਨ। ਇਸ ਮੌਕੇ ਆਂਡਲੂ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨਾਲ ਸਲਾਹ ਮਸ਼ਵਰਾ ਕਰਕੇ ਬੱਚਿਆਂ ਦੇ ਕਰੋਨਾ ਟੈੱਸਟ ਕਰਵਾਏ ਜਾਣਗੇ।

ਟਰੈਫਿਕ ਪੁਲੀਸ ਨੇ ਮਾਸਕ ਵੰਡੇ

ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਕਰੋਨਾ ਦੇ ਲਗਾਤਾਰ ਵੱਧ ਰਹੇ ਕੇਸਾਂ ਨੂੰ ਲੈ ਕੇ ਪੁਲੀਸ ਜ਼ਿਲ੍ਹਾ ਲੁਧਿਆਣਾ(ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਚਰਨਜੀਤ ਸਿੰਘ ਸੋਹਲ ਵੱਲੋਂ ਵਿਸ਼ੇਸ ਮੁਹਿੰਮ ਆਰੰਭੀ ਗਈ। ਇਸ ਮੁਹਿੰਮ ਲਈ ਬਣਾਈ ਟੀਮ ਦੇ ਇੰਚਾਰਜ ਡੀਐੱਸਪੀ ਅਨਿਲ ਭਨੋਟ ਦੀ ਅਗਵਾਈ ਹੇਠ ਕਮਲ ਚੌਕ ਵਿੱਚ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਮਾਸਕ ਵੰਡੇ ਗਏ। ਡੀਐੱਸਪੀ ਅਨਿਲ ਭਨੋਟ ਨੇ ਰੌਸ਼ਨੀ ਦਾ ਮੇਲਾ ਦੇਖਣ ਪੁੱਜੇ ਲੋਕਾਂ ਨੂੰ ਕਰੋਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨਾਲ ਟਰੈਫਿਕ ਇੰਸਪੈਕਟਰ ਸੱਤਪਾਲ ਸਿੰਘ ਪੱਬੀਆਂ ਹਾਜ਼ਰ ਸਨ ।

ਡਿਪਟੀ ਕਮਿਸ਼ਨਰ ਵੱਲੋਂ ਰੋਜ਼ਾਨਾ 4500 ਟੈਸਟ ਕਰਨ ਦੇ ਆਦੇਸ਼

ਲੁਧਿਆਣਾ (ਟ੍ਰਿਬਿਊਨ ਨਿਜ਼ ਸਰਵਿਸ): ਜ਼ਿਲ੍ਹਾ ਲੁਧਿਆਣਾ ਵਿਚ ਵੱਧ ਰਹੇ ਕਰੋਨਾ ਕੇਸਾਂ ਨੂੰ ਠੱਲ੍ਹ ਪਾਉਣ ਦੇ ਲਈ ਲੁਧਿਆਣਾ ਵਿਚ ਕਰੋਨਾ ਟੈਸਟਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਟੀਮਾਂ ਦਾ ਪੁਨਰਗਠਨ ਕਰਕੇ ਜ਼ਿਲ੍ਹੇ ਵਿੱਚ ਰੋਜ਼ਾਨਾ 4500 ਰਿਵਰਸ ਟ੍ਰਾਂਸਕ੍ਰਿਪਸ਼ਨ ਪੋਲੀਮੇਰੇਸ ਚੇਨ ਰਿਐਕਸ਼ਨ (ਆਰਟੀਪੀਸੀਆਰ) ਟੈਸਟ ਕੀਤੇ ਜਾਣ ਤਾਂ ਜੋ ਕੋਰੋਨਾ ਦੀ ਚੇਨ ਨੂੰ ਤੋੜਿਆ ਜਾ ਸਕੇ। ਉਨ੍ਹਾਂ ਪੁਲੀਸ, ਸਿਵਲ ਅਤੇ ਸਿਹਤ ਅਧਿਕਾਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੋਵਿਡ ਦੇ ਬਿਹਤਰ ਪ੍ਰਬੰਧਨ ਲਈ ਕੰਟਰੋਲ ਰੂਮ ਅਤੇ ਹੋਮ ਆਈਸੋਲੇਸ਼ਨ ਸੈੱਲ ਮੁੜ ਚਾਲੂ ਕੀਤੇ ਜਾਣ। ਮੀਟਿੰਗ ਦੌਰਾਨ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਲੁਧਿਆਣਾ ਪੁਲੀਸ ਕਮਿਸ਼ਨਰੇਟ ਨੇ ਪਹਿਲਾਂ ਹੀ ਉਨ੍ਹਾਂ ਲੋਕਾਂ ਦੇ ਚਲਾਨ ਕੱਟਣੇ ਆਰੰਭ ਕਰ ਦਿੱਤੇ ਹਨ।

ਚਾਰ ਸਕੂਲ ਵਿਦਿਆਰਥੀ ਤੇ 7 ਅਧਿਆਪਕ ਪਾਜ਼ੇਟਿਵ

ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਜ਼ਿਲ੍ਹਾ ਲੁਧਿਆਣਾ ਵਿਚ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੱਟਣੇ ਸ਼ੁਰੂ ਹੋ ਗਏ ਹਨ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅੱਜ ਲੁਧਿਆਣਾ ਵਿਚ ਕਰੋਨਾ ਦੇ 65 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ਵਿਚੋਂ 55 ਜ਼ਿਲ੍ਹਾ ਲੁਧਿਆਣਾ ਤੇ 10 ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਤ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਆਏ ਕੇਸਾਂ ਵਿਚ ਸਕੂਲ ਦੇ ਚਾਰ ਵਿਦਿਆਰਥੀ ਤੇ 7 ਸਕੂਲ ਅਧਿਆਪਕ ਸ਼ਾਮਲ ਹਨ। ਇੱਕ ਵਿਦਿਆਰਥੀ ਰਿਮਟ ਕਾਲਜ, ਇੱਕ ਸਰਕਾਰੀ ਸਕੂਲ ਮਾਛੀਵਾੜਾ, ਇੱਕ ਸਰਕਾਰੀ ਸਕੂਲ ਹੰਬੜਾ, ਇੱਕ ਡੀਐਮਸੀ ਕਾਲਜ ਦਾ ਸ਼ਾਮਲ ਹੈ। ਤਿੰਨ ਅਧਿਆਪਕ ਸਰਕਾਰੀ ਸਕੂਲ ਜਵਾਹਰ ਨਗਰ ਕੈਂਪ, ਇੱਕ ਸਰਕਾਰੀ ਸਕੂਲ ਇੰਜਣ ਸ਼ੈੱਡ, ਇੱਕ ਅਧਿਆਪਕ ਜੀਡੀਐਸ ਕਾਨਵੈਂਟ ਸਕੂਲ, ਇੱਕ ਅਧਿਆਪਕ ਸਰਕਾਰੀ ਸਕੂਲ ਪਿੰਡ ਗੁਰਮ ਤੇ ਇੱਕ ਅਧਿਆਪਕ ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ ਬਹਾਦਰਗੜ੍ਹ ਦਾ ਸ਼ਾਮਲ ਹੈ। 

ਰੌਸ਼ਨੀ ਮੇਲਾ: ਕਰੋਨਾ ਤੋਂ ਬੇਪ੍ਰਵਾਹ ਨਜ਼ਰ ਆਏ ਮੇਲੀ

ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਕਰੋਨਾ ਮਹਾਂਮਾਰੀ ਦੇ ਨਵੇਂ ਅਤੇ ਖ਼ਤਰਨਾਕ ਰੂਪ ਵਿੱਚ ਸਾਹਮਣੇ ਆਉਣ ਦੇ ਬਾਵਜੂਦ ਇਥੇ ਰੌਸ਼ਨੀ ਮੇਲੇ ਸਮੇਂ ਮੇਲੀ ਹੀ ਨਹੀਂ ਸਗੋਂ ਆਰਜ਼ੀ ਦੁਕਾਨਦਾਰ ਵੀ ਬੇਪ੍ਰਵਾਹ ਨਜ਼ਰ ਆਏ। ਮੇਲੇ ਵਿੱਚ ਡਿਊਟੀ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਵੀ ਕੁਤਾਹੀ ਵਰਤੀ। ਇੱਥੇ ਨਾ ਮੇਲੀਆਂ ਨੇ ਦੂਰੀ ਬਣਾ ਕੇ ਰੱਖਣ ਅਤੇ ਮਾਸਕ ਪਾਉਣਾ ਜ਼ਰੂਰੀ ਸਮਝਿਆ ਅਤੇ ਨਾ ਹੀ ਮੇਲੇ ਵਿੱਚ ਆਰਜ਼ੀ ਦੁਕਾਨਾਂ ਤੇ ਰੇਹੜੀਆਂ ਫੜ੍ਹੀਆਂ ਲਾਉਣ ਵਾਲਿਆਂ ਨੇ। ਪੀਰ ਬਾਬਾ ਮੋਹਕਮਦੀਨ ਅਤੇ ਮਾਈ ਜੀਨਾ ਦੀ ਦਰਗ਼ਾਹ, ਬਾਜ਼ਾਰਾਂ ਤੇ ਮੇਲੇ ਵਾਲੀ ਹਰ ਥਾਂ ’ਤੇ ਭਾਰੀ ਭੀੜ ਨਜ਼ਰ ਆਈ। ਦਰਗ਼ਾਹ ’ਤੇ ਸੇਵਾਦਾਰ ਲੋਕਾਂ ਦੇ ਹੱਥ ਸੈਨੇਟਾਈਜ਼ ਕਰਵਾਉਂਦੇ ਜ਼ਰੂਰ ਦਿਖਾਈ ਦਿੱਤੇ ਪ੍ਰੰਤੂ ਉਥੇ ਲੱਗੀਆਂ ਲੰਬੀਆਂ ਕਤਾਰਾਂ ਵਿੱਚ ਸਮਾਜਿਕ ਦੂਰੀ ਸਬੰਧੀ ਕੋਈ ਪਾਲਣ ਨਹੀਂ ਸੀ ਹੋ ਰਿਹਾ। ਵਧੇਰੇ ਭੀੜ ਕਾਰਨ ਆਵਾਜਾਈ ਦੀ ਵੱਡੀ ਸਮੱਸਿਆ ਵੀ ਪੈਦਾ ਹੋਈ। ਲਗਪਗ ਸਾਰਾ ਦਿਨ ਬਾਜ਼ਾਰਾਂ ਵਿੱਚ ਜਾਮ ਵਰਗੀ ਸਥਿਤੀ ਰਹੀ ਜਿਸ ਕਾਰਨ ਪ੍ਰਬੰਧਾਂ ਦੀ ਘਾਟ ਵੀ ਰੜਕੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All