
ਡੀਐੱਸਪੀ ਜਸਬਿੰਦਰ ਖਹਿਰਾ ਨੂੰ ਮੰਗ ਪੱਤਰ ਦਿੰਦੇ ਹੋਏ ਪ੍ਰਦਰਸ਼ਨਕਾਰੀ।
ਸੰਤੋਖ ਗਿੱਲ
ਗੁਰੂਸਰ ਸੁਧਾਰ, 18 ਮਾਰਚ
‘ਵਾਰਿਸ ਪੰਜਾਬ ਦੇ’ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਲਗਪਗ ਡੇਢ ਦਰਜਨ ਸਮਰਥਕਾਂ ਨੇ ਇੱਥੋਂ ਨੇੜਲੇ ਪਿੰਡ ਬੁੱਢੇਲ ਦੇ ਮੁੱਖ ਚੌਕ ਵਿੱਚ ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਧਰਨਾ ਲਾ ਦਿੱਤਾ ਅਤੇ ਆਵਾਜਾਈ ਠੱਪ ਕਰ ਦਿੱਤੀ। ਪਿੰਡ ਬੋਪਾਰਾਏ ਕਲਾਂ ਦੇ ਗੁਰੂਘਰ ਦੇ ਸੇਵਾਦਾਰ ਜਰਨੈਲ ਸਿੰਘ ਦੀ ਅਗਵਾਈ ਵਿੱਚ ਡੇਢ ਦਰਜਨ ਸਮਰਥਕਾਂ ਨੇ ਬਾਅਦ ਦੁਪਹਿਰ ਧਰਨਾ ਲਾ ਦਿੱਤਾ ਅਤੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਵਿਰੁੱਧ ਨਾਅਰੇਬਾਜ਼ੀ ਕੀਤੀ। ਉਪ ਪੁਲੀਸ ਕਪਤਾਨ (ਡੀਐੱਸਪੀ) ਦਾਖਾ ਜਸਬਿੰਦਰ ਸਿੰਘ ਖਹਿਰਾ ਸੂਚਨਾ ਮਿਲਣ ਮਗਰੋਂ ਧਰਨੇ ਵਾਲੀ ਥਾਂ ’ਤੇ ਪਹੁੰਚ ਗਏ, ਜਦੋਂਕਿ ਥਾਣਾ ਸੁਧਾਰ ਦੇ ਮੁਖੀ ਇੰਸਪੈਕਟਰ ਜਰਨੈਲ ਸਿੰਘ ਵੱਡੀ ਗਿਣਤੀ ਪੁਲੀਸ ਫੋਰਸ ਸਮੇਤ ਪਹਿਲਾਂ ਹੀ ਹਾਜ਼ਰ ਸਨ। ਥਾਣਾ ਦਾਖਾ ਅਤੇ ਸੁਧਾਰ ਦੀ ਪੁਲੀਸ ਵੱਲੋਂ ਮੁੱਖ ਮਾਰਗ ਦੀ ਆਵਾਜਾਈ ਬਦਲਵੇਂ ਰੂਟ ਤੋਂ ਚਲਾ ਦਿੱਤੀ ਗਈ। ਡੀਐੱਸਪੀ ਜਸਬਿੰਦਰ ਸਿੰਘ ਖਹਿਰਾ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਸਮਝਾ ਕੇ ਸੜਕ ਖ਼ਾਲੀ ਕਰਨ ਲਈ ਰਾਜ਼ੀ ਕਰਵਾ ਲਿਆ। ਮੰਗ-ਪੱਤਰ ਦੇਣ ਮਗਰੋਂ ਪ੍ਰਦਰਸ਼ਨਕਾਰੀ ਵਾਪਸ ਰਵਾਨਾ ਹੋ ਗਏ। ਡੀਐੱਸਪੀ ਸ੍ਰੀ ਖਹਿਰਾ ਨੇ ਇਲਾਕਾ ਵਾਸੀਆਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਕਿਧਰੇ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਕੋਈ ਸੂਚਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ