ਡਾ. ਬੀ ਆਰ ਅੰਬੇਡਕਰ ਭਵਨ ਦੀ ਦੇਖਭਾਲ ਲਈ ਨਵੀਂ ਬਣੀ ਕਮੇਟੀ ਦੀ ਮੀਟਿੰਗ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਦੀ ਅਗਵਾਈ ਹੇਠ ਹੋਈ। ਇਸ ਕਮੇਟੀ ਵਿੱਚ ਵਿਧਾਇਕ ਬੱਗਾ ਚੇਅਰਮੈਨ ਹਨ। ਮੀਟਿੰਗ ਦੌਰਾਨ ਚਰਚਾ ਕੀਤੀ ਗਈ ਕਿ ਜਿਹੜਾ 19 ਲੱਖ ਰੁਪਏ ਪੁਰਾਣਾ ਬਿਜਲੀ ਦਾ ਬਿੱਲ ਬਕਾਇਆ ਹੈ ਉਸ ਸਬੰਧੀ ਸਾਰਾ ਹਿਸਾਬ ਪੁਰਾਣੀ ਕਮੇਟੀ ਤੋਂ ਲਿਆ ਜਾਏਗਾ। ਇਸ ਦੌਰਾਨ ਭਵਨ ਵਿੱਚ ਸਹੂਲਤਾਂ ਨੂੰ ਬਿਹਤਰ ਬਣਾਉਣ ਅਤੇ ਸਮਾਜ ਦੇ ਹੇਠਲੇ ਵਰਗ ਦੇ ਵਸਨੀਕਾਂ ਦੀ ਭਲਾਈ ਲਈ ਕਿਹੜੀਆਂ ਨਵੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ, ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੇਅਰ ਇੰਦਰਜੀਤ ਕੌਰ ਅਤੇ ਵਿਧਾਇਕ ਬੱਗਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਮੇਟੀ ਦੀਆਂ ਨਿਯਮਤ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਭਵਨ ਵਿੱਚ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਵਸਨੀਕਾਂ ਤੋਂ ਫੀਡਬੈਕ ਵੀ ਲਿਆ ਜਾਵੇਗਾ।
ਪੁਰਾਣੀ ਕਮੇਟੀ ਤੋਂ ਹਿਸਾਬ ਲਵਾਂਗੇ: ਵਿਧਾਇਕ
ਕਮੇਟੀ ਦੇ ਨਵੇਂ ਚੇਅਰਮੈਨ ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਪਹਿਲਾਂ ਅੰਬੇਦੇਕਰ ਭਵਨ ਦੀ ਕਮੇਟੀ ਪ੍ਰਾਈਵੇਟ ਲੋਕਾਂ ਦੇ ਹੱਥ ਵਿੱਚ ਸੀ। ਇਸ ਕਰਕੇ ਕੋਈ ਹਿਸਾਬ ਨਹੀਂ ਸੀ। ਇਸੇ ਕਰਕੇ ਜੁਲਾਈ ਮਹੀਨੇ ਤੱਕ ਬਿਜਲੀ ਦਾ ਬਿੱਲ ਸਾਢੇ 16 ਲੱਖ ਰੁਪਏ ਹੋ ਗਿਆ ਸੀ, ਜੋ ਹੁਣ ਵੱਧ ਕੇ 19 ਲੱਖ ਰੁਪਏ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਰਾਣੀ ਕਮੇਟੀ ਕੋਲੋਂ ਸਾਰਾ ਹਿਸਾਬ ਲਿਆ ਜਾਵੇਗਾ। ਪੁਰਾਣੀ ਕਮੇਟੀ ਤੋਂ ਬਿੱਲ ਨਾ ਦੇਣ ਸਬੰਧੀ ਵੀ ਪੁੱਛਿਆ ਜਾਏਗਾ।

