ਖੰਨਾ ਦੀ ਨਵੀਂ ਵਾਰਡਬੰਦੀ ਤੇ ਵੋਟਰ ਸੂਚੀ ’ਚ ਧਾਂਦਲੀ ਦੇ ਦੋਸ਼
ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਅੱਜ ਇਥੇ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ’ਤੇ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਵਾਰਡਬੰਦੀ ਅਤੇ ਵੋਟਰ ਸੂਚੀਆਂ ਵਿਚ ਵੱਡੇ ਪੱਧਰ ’ਤੇ ਹੇਰਾਫੇਰੀ ਕਰਨ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ...
ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਅੱਜ ਇਥੇ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ’ਤੇ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਵਾਰਡਬੰਦੀ ਅਤੇ ਵੋਟਰ ਸੂਚੀਆਂ ਵਿਚ ਵੱਡੇ ਪੱਧਰ ’ਤੇ ਹੇਰਾਫੇਰੀ ਕਰਨ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਸਿਆਸੀ ਲਾਹਾ ਲੈਣ ਲਈ ਨਿਯਮਾਂ ਨੂੰ ਛਿੱਕੇ ਟੰਗ ਕੇ ਵੋਟਰਾਂ ਦੇ ਲੋਕਤੰਤਰੀ ਅਧਿਕਾਰਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਾਂਗਰਸ ਆਗੂਆਂ ਨੇ ਐੱਸ ਡੀ ਐੱਮ ਨੂੰ ਮੰਗ ਪੱਤਰ ਵੀ ਸੌਂਪਿਆ।
ਕਾਂਗਰਸ ਆਗੂ ਕੋਟਲੀ ਨੇ ਕਿਹਾ ਕਿ ਵੋਟਰ ਸੂਚੀਆਂ ਵਿਚ ਹੈਰਾਨੀਜਨਕ ਫ਼ਰਕ ਹੈ। ਉਨ੍ਹਾਂ ਕਿਹਾ ਜਿੱਥੇ ਵਾਰਡ ਨੰਬਰ-19 ਵਿਚ ਸਿਰਫ਼ 887 ਵੋਟਰ ਹਨ, ਉੱਥੇ ਹੀ ਵਾਰਡ ਨੰਬਰ-22 ਵਿਚ ਇਹ ਗਿਣਤੀ 5389 ਹੈ। ਇੱਕੋ ਸ਼ਹਿਰ ਦੇ ਵਾਰਡਾਂ ਵਿਚ 4500 ਤੋਂ ਵੱਧ ਵੋਟਾਂ ਦਾ ਅੰਤਰ ਪ੍ਰਸ਼ਾਸਨ ਦੀ ਨੀਅਤ ’ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਫਾਇਦੇ ਲਈ ਇਕੋ ਗਲੀ ਦੇ ਵੋਟਰਾਂ ਨੂੰ ਤਿੰਨ ਵੱਖ ਵੱਖ ਵਾਰਡਾਂ ਵਿਚ ਵੰਡ ਦਿੱਤਾ ਗਿਆ ਹੈ। ਵੋਟਰ ਸੂਚੀਆਂ ਵਿਚ ਮਕਾਨ ਨੰਬਰ, ਲੈਂਡਮਾਰਕ ਅਤੇ ਗਲੀ ਨੰਬਰ ਵਰਗੀ ਜ਼ਰੂਰੀ ਜਾਣਕਾਰੀ ਗਾਇਬ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਵੋਟਰ ਸੂਚੀਆਂ ’ਤੇ ਲਾਏ ਇਤਰਾਜ਼ਾਂ ਵੱਲ ਧਿਆਨ ਨਾ ਦੇ ਕੇ ਵਾਰਡਬੰਦੀ ਨੂੰ ਤਰਕਸੰਗਤ ਨਾ ਬਣਾਇਆ ਤਾਂ ਕਾਂਗਰਸ ਲੋਕਾਂ ਦੇ ਹੱਕਾਂ ਲਈ ਸੜਕਾਂ ’ਤੇ ਉਤਰ ਕੇ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗੀ। ਇਸ ਮੌਕੇ ਬਲਾਕ ਪ੍ਰਧਾਨ ਰਾਜੀਵ ਰਾਏ ਮਹਿਤਾ, ਕਮਲਜੀਤ ਸਿੰਘ ਲੱਧੜ, ਵਿਕਾਸ ਮਹਿਤਾ, ਗੌਰਵ ਵਿਜਨ, ਵੇਦ ਪ੍ਰਕਾਸ਼, ਅਮਰੀਸ਼ ਕਾਲੀਆ ਆਦਿ ਮੌਜੂਦ ਸਨ।

