ਅਕਾਲੀ ਵਰਕਰਾਂ ਨੇ ‘ਆਪ’ ਆਗੂਆਂ ਦੇ ਪੁਤਲੇ ਫੂਕੇ
ਗੁਰੂ ਸਾਹਿਬ ਖ਼ਿਲਾਫ਼ ਮਾਡ਼ੀ ਭਾਸ਼ਾ ਵਰਤਣ ਦਾ ਵਿਰੋਧ; ਕਾਰਵਾੲੀ ਲਈ ਡੀ ਸੀ ਨੂੰ ਮੰਗ ਪੱਤਰ
ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਇਕਾਈ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰੂ ਸਾਹਿਬਾਨ ਦੇ ਕਥਿਤ ਤੌਰ ’ਤੇ ਕੀਤੇ ਅਪਮਾਨ ਦੇ ਰੋਸ ਵਜੋਂ ਭਾਰਤ ਨਗਰ ਚੌਕ ਵਿੱਚ ਧਰਨਾ ਦੇ ਕੇ ਪੁਤਲੇ ਫੂਕੇ ਗਏ। ਇਸ ਦੌਰਾਨ ਡਿਪਟੀ ਕਮਿਸ਼ਨਰ ਨੂੰ ਮੰਗ ਵੀ ਪੱਤਰ ਸੌਂਪਿਆ। ਸ਼ਹਿਰੀ ਅਤੇ ਦਿਹਾਤੀ ਇਕਾਈ ਦੇ ਆਗੂਆਂ ਨੇ ਆਪਣੇ ਸਮਰਥਕਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸ਼ਹਿਰੀ ਇਕਾਈ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਦੀ ਅਗਵਾਈ ਵਿੱਚ ਦਿੱਤੇ ਗਏ ਰੋਸ ਧਰਨੇ ਦੌਰਾਨ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਸ਼ਰਨਜੀਤ ਸਿੰਘ ਢਿੱਲੋਂ ਤੇ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਦਿੱਲੀ ਦੀ ‘ਆਪ’ ਆਗੂ ਆਤਿਸ਼ੀ ਵੱਲੋਂ ਦਿੱਤਾ ਗਿਆ ਬਿਆਨ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਰੱਖਿਆ ਲਈ ਦਿੱਲੀ ਵਿੱਚ ਸ਼ਹਾਦਤ ਦਿੱਤੀ ਸੀ। ਦਿੱਲੀ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਆਗੂ ਵੱਲੋਂ ਗੁਰੂ ਸਾਹਿਬ ਪ੍ਰਤੀ ਬੇਹੱਦ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਨੀ ਜਿਥੇ ਮੰਦਭਾਗੀ ਹੈ, ਉਥੇ ਇਹ ਆਪ ਦੀ ਸੋਚ ਦਾ ਪ੍ਰਗਟਾਵਾ ਵੀ ਕਰਦੀ ਹੈ। ਇਸ ਮੌਕੇ ਗੁਰਚਰਨ ਸਿੰਘ ਗਰੇਵਾਲ, ਜਗਬੀਰ ਸਿੰਘ ਸੋਖੀ, ਜਸਪਾਲ ਸਿੰਘ ਗਿਆਸਪੁਰਾ, ਆਰ ਡੀ ਸ਼ਰਮਾ ਅਤੇ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਸਿੱਖ ਕੌਮ ਜਿੱਥੇ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਜਵਾਬ ਦੇਣਾ ਜਾਣਦੀ ਹੈ ਉੱਥੇ ਹੀ ਹਕੂਮਤਾਂ ਬਦਲਣ ਵਿੱਚ ਵੀ ਦੇਰ ਨਹੀਂ ਲਗਾਉਂਦੀ। ਉਨ੍ਹਾਂ ਕਿਹਾ ਕਿ ਸਿੱਖਾਂ ’ਤੇ ਜਦੋਂ ਵੀ ਕਿਸੇ ਨੇ ਹਮਲਾ ਕੀਤਾ ਤਾਂ ਸਿੱਖ ਕੌਮ ਨੇ ਉਸ ਦਾ ਢੁਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੁਰੂ ਦੀ ਗੋਲਕ ਬਾਰੇ ਦਿੱਤੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਅਖਵਾਉਂਦੀ ਹੈ ਅਤੇ ਉਸ ਉੱਪਰ ’ਤੇ ਕਿੰਤੂ-ਪ੍ਰੰਤੂ ਕਰਨਾ ਬਹੁਤ ਹੀ ਮੰਦਭਾਗਾ ਹੈ। ਆਗੂਆਂ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਆਗੂਆਂ ਨੂੰ ਸਵਾਲ ਪੁੱਛਣ। ਇਸ ਮੌਕੇ ਐੱਸ ਆਰ ਕਲੇਰ, ਪ੍ਰਿਤਪਾਲ ਸਿੰਘ, ਪਰਮਜੀਤ ਸਿੰਘ ਢਿੱਲੋਂ, ਚੰਦ ਸਿੰਘ ਡੱਲਾ, ਬਲਵਿੰਦਰ ਸਿੰਘ ਸੰਧੂ, ਮਨਜੀਤ ਸਿੰਘ ਮਦਨੀਪੁਰ, ਸਿਮਰਨਜੀਤ ਸਿੰਘ ਢਿੱਲੋਂ, ਹਿਤੇਸ਼ਇੰਦਰ ਸਿੰਘ ਗਰੇਵਾਲ, ਰਘਵੀਰ ਸਿੰਘ ਸਹਾਨਮਾਜਰਾ, ਬਲਜਿੰਦਰ ਸਿੰਘ ਬਾਜੜਾ ਐਮਡੀ, ਰਖਵਿੰਦਰ ਸਿੰਘ ਗਾਬੜੀਆ, ਹਰਜਿੰਦਰ ਸਿੰਘ ਬੋਬੀ ਗਰਚਾ, ਨੇਕ ਸਿੰਘ ਸੇਖੇਵਾਲ, ਜਗਜੀਤ ਸਿੰਘ ਅਰੋੜਾ, ਕੁਲਵਿੰਦਰ ਕਿੰਦਾ ਅਤੇ ਮੈਂਕੇਟ ਆਦਿ ਵੀ ਹਾਜ਼ਰ ਸਨ।

