ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਸਤੰਬਰ
ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਨੇ ਹਲਕਾ ਜਗਰਾਉਂ ਦੇ ਪਿੰਡ ਚੀਮਾ ਦੇ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਹਠੂਰ ਦੇ ਜਥੇਦਾਰ ਪਰਮਿੰਦਰ ਸਿੰਘ ਚੀਮਾ ਨੂੰ 12 ਲੱਖ 48 ਹਜ਼ਾਰ 934 ਰੁਪਏ ਦੇ ਘੁਟਾਲੇ ਦੇ ਦੋਸ਼ ’ਚ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧ ’ਚ ਅੱਜ ਪੱਤਰ ਨੰਬਰ 6/60/21-ਲੁਧਿ-ਸ਼/6489-91 ਨਾਲ ਜੁਆਇੰਟ ਡਾਇਰੈਕਟਰ ਪੇਂਡੂ ਵਿਕਾਸ (ਸ਼ਿਕਾਇਤ ਸ਼ਾਖਾ) ਪੰਜਾਬ ਵਲੋਂ ਜਾਰੀ ਹੁਕਮਾਂ ਦੀ ਕਾਪੀ ’ਚ ਲਿਖਿਆ ਗਿਆ ਹੈ ਕਿ ਪਰਮਿੰਦਰ ਸਿੰਘ ਸਰਪੰਚ ਗ੍ਰਾਮ ਪੰਚਾਇਤ ਚੀਮਾ ਜ਼ਿਲ੍ਹਾ ਲੁਧਿਆਣਾ ਦੇ ਵਿਰੁੱਧ ਸ਼ਿਕਾਇਤ ਪ੍ਰਾਪਤ ਹੋਈ ਸੀ। ਸ਼ਿਕਾਇਤ ਦੀ ਪੜਤਾਲ ’ਚ ਸ਼ਾਮਲਾਤ ਜ਼ਮੀਨ ਦੀ ਬੋਲੀ ਤੋਂ ਪ੍ਰਾਪਤ ਆਮਦਨ ਪੰਚਾਇਤ ਦੇ ਖਾਤੇ ’ਚ ਜਮ੍ਹਾਂ ਨਾ ਕਰਵਾਉਣ ਅਤੇ ਬਗੈਰ ਖਾਤਿਆਂ ਦੇ 90,049 ਰੁਪਏ ਖਰਚ ਬੁੱਕ ਕਰਨ ਦਾ ਦੋਸ਼ ਸਿੱਧ ਹੋਣ ’ਤੇ ਸਰਪੰਚ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ। ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਨੇ ਨਿੱਜੀ ਸੁਣਵਾਈ ਲਈ ਸਰਪੰਚ ਪਰਮਿੰਦਰ ਸਿੰਘ ਚੀਮਾ ਨੂੰ ਵੱਖ-ਵੱਖ ਤਾਰੀਕਾਂ ’ਤੇ ਲਗਭਗ 13 ਵਾਰ ਸੁਣਵਾਈ ਦਾ ਮੌਕਾ ਦਿੱਤਾ ਪਰ ਸਰਪੰਚ ਕੁਝ ਸਪੱਸ਼ਟ ਨਹੀਂ ਕਰ ਸਕਿਆ। ਇਸ ਉਪਰੰਤ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਨੇ ਆਪਣੇ ਹੁਕਮ ’ਚ ਲਿਖਿਆ ਕਿ ਮਿਸਲ ’ਤੇ ਦਰਜ ਦਸਤਾਵੇਜ਼ ਅਤੇ ਡਵੀਜ਼ਨਲ ਡਿਪਟੀ ਡਾਇਰੈਕਟਰ (ਪੰਚਾਇਤ) ਜਲੰਧਰ ਦੀ ਰਿਪੋਰਟ ਅਨੁਸਾਰ ਪਰਮਿੰਦਰ ਸਿੰਘ ਸਰਪੰਚ ਗ੍ਰਾਮ ਪੰਚਾਇਤ ਚੀਮਾ ਬਲਾਕ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਰੁੱਧ ਘਪਲੇ ਦਾ ਦੋਸ਼ ਸਿੱਧ ਹੁੰਦਾ ਹੈ। ਪਰਮਿੰਦਰ ਸਿੰਘ ਨੇ ਨਾ ਸਿਰਫ਼ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਸਗੋਂ ਪੰਚਾਇਤ ਦਾ ਭਾਰੀ ਵਿੱਤੀ ਨੁਕਸਾਨ ਵੀ ਕੀਤਾ ਹੈ।