ਅਕਾਲੀ ਆਗੂ ਲੋਹਟ ਸਾਥੀਆਂ ਸਣੇ ‘ਆਪ’ ’ਚ ਸ਼ਾਮਲ
ਨਿੱਜੀ ਪੱਤਰ ਪ੍ਰੇਰਕ
ਖੰਨਾ, 2 ਜੁਲਾਈ
ਸ਼ਹਿਰ ਪਰਿਸ਼ਦ ਚੋਣਾਂ ਨੂੰ ਲੈ ਕੇ ਖੰਨਾ ਦੀ ਰਾਜਨੀਤੀ ਵਿੱਚ ਕਾਫੀ ਹਲਚਲ ਹੈ। ਇਸੇ ਕੜੀ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਨਗਰ ਕੌਂਸਲ ਚੋਣ ਲੜ ਚੁੱਕੇ ਬਲਵੰਤ ਸਿੰਘ ਲੋਹਟ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ‘ਆਪ’ ਵਿੱਚ ਸ਼ਾਮਲ ਹੋ ਗਏ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਸਥਿਤ ਨਗਰ ਸੁਧਾਰ ਟਰੱਸਟ ਵਿਖੇ ਉਨ੍ਹਾਂ ਨੂੰ ਪਾਰਟੀ ਦੀ ਰਸਮੀ ਮੈਂਬਰਸ਼ਿਪ ਦਵਾਈ। ਇਸ ਮੌਕੇ ਸੌਂਦ ਨੇ ਖੰਨਾ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਿਹਨਤੀ ਅਤੇ ਸਾਫ ਸੁਥਰੇ ਅਕਸ਼ ਵਾਲੇ ਆਗੂਆਂ ਦਾ ਪਾਰਟੀ ਵਿੱਚ ਹਮੇਸ਼ਾ ਸਵਾਗਤ ਕੀਤਾ ਜਾਂਦਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਪਾਰਟੀ ਬਲਵੰਤ ਸਿੰਘ ਵਰਗੇ ਵਰਕਰਾਂ ਨੂੰ ਬਣਦੀ ਜ਼ਿੰਮੇਵਾਰੀ ਦੇਵੇਗੀ। ਦੱਸਣਯੋਗ ਹੈ ਕਿ ਲੋਹਟ ਨੇ ਪਿਛਲੀ ਨਗਰ ਕੌਂਸਲ ਚੋਣ ਵਾਰਡ ਨੰਬਰ-17 ਤੋਂ ਅਕਾਲੀ ਦਲ ਦੇ ਉਮੀਦਵਾਰ ਵਜੋਂ ਲੜੀ ਸੀ ਅਤੇ ਹੁਣ 'ਆਪ' ਪਾਰਟੀ ਵਿੱਚ ਸ਼ਾਮਲ ਹੋ ਕੇ ਸਿਆਸੀ ਸਮੀਕਰਨਾਂ ਨੂੰ ਨਵਾਂ ਮੋੜ ਦਿੱਤਾ ਹੈ। ਮੰਤਰੀ ਸੌਂਦ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ ਅਤੇ ਖੰਨਾ ਨੂੰ ਪੰਜਾਬ ਦਾ ਆਦਰਸ਼ ਸ਼ਹਿਰ ਬਣਾਉਣ ਦਾ ਸੁਪਨਾ ਸਾਕਾਰ ਹੋਵੇਗਾ। ਉਨ੍ਹਾਂ ਲੋਹਟ ਅਤੇ ਉਨ੍ਹਾਂ ਦੇ ਹਮਾਇਤੀਆਂ ਵਿਕਾਸ, ਹਰਦੀਪ ਸਿੰਘ, ਬਰਨਦੀਪ ਸਿੰਘ, ਮਨਜੋਤ ਸਿੰਘ, ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ, ਬਲਜਿੰਦਰ ਸਿੰਘ, ਸੁਨੀਲ ਕੁਮਾਰ ਦਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਨਿੱਘਾ ਸਵਾਗਤ ਕੀਤਾ।