ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਵਿੱਚ ਲੱਗ ਰਹੇ ਬਿਜਲੀ ਕੱਟਾਂ ਖ਼ਿਲਾਫ਼ ਮੁਜ਼ਾਹਰੇ ਕੀਤੇ ਗਏ। ਹਲਕਾ ਪੱਛਮੀ ਦੇ ਇੰਚਾਰਜ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੀ ਅਗਵਾਈ ਹੇਠ ਅਗਰ ਨਗਰ ਡਿਵੀਜ਼ਨ ਫਿਰੋਜ਼ਪੁਰ ਰੋਡ, ਹਲਕਾ ਕੇਂਦਰੀ ਦੇ ਇੰਚਾਰਜ ਅਮਿਤ ਗੁਸਾਈਂ ਦੀ ਅਗਵਾਈ ਹੇਠ ਚੀਮਾ ਚੌਕ ਦਫ਼ਤਰ ਅਤੇ ਜਗਬੀਰ ਸਿੰਘ ਸੋਖੀ ਦੀ ਅਗਵਾਈ ਹੇਠ ਜਨਤਾ ਨਗਰ ਡਿਵੀਜ਼ਨ ਦੇ ਬਾਹਰ ਕੀਤੇ ਮੁਜ਼ਾਹਰੇ ਦੌਰਾਨ ਸੈਂਕੜੇ ਆਗੂਆਂ ਅਤੇ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ ਬੀ ਸੀ ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਅਕਾਲੀ ਦਲ ਕਿਸੇ ਵੀ ਹਾਲਤ ਵਿੱਚ ਬਿਜਲੀ ਨਿਗਮ ਦੀਆਂ ਬੇਸ਼ਕੀਮਤੀ ਜ਼ਮੀਨਾਂ ਵੇਚਣ ਨਹੀਂ ਦੇਵੇਗਾ। ਇਸ ਮੌਕੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਨਰੇਸ਼ ਧੀਂਗਾਨ, ਜਸਦੀਪ ਸਿੰਘ ਕਾਉਂਕੇ, ਹਰਪ੍ਰੀਤ ਸਿੰਘ ਡੰਗ, ਗੁਰਦੀਪ ਸਿੰਘ ਲੀਲ, ਕੁਲਵਿੰਦਰ ਕਿੰਦਾ, ਮਨਮੋਹਨ ਸਿੰਘ ਮਨੀ, ਨੀਲਮ ਕੋਹਲੀ, ਰਜਿੰਦਰ ਕੌਰ ਸੰਧੂ, ਐਡਵੋਕੇਟ ਸਿਮਰਨਪ੍ਰੀਤ ਸਿੰਘ ਅਤੇ ਜਥੇਦਾਰ ਰਸ਼ਪਾਲ ਸਿੰਘ ਫ਼ੌਜੀ ਹਾਜ਼ਰ ਸਨ।
ਪਾਇਲ (ਪੱਤਰ ਪ੍ਰੇਰਕ): ਇੱਥੇ ਤਹਿਸੀਲ ਕੰਪਲੈਕਸ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ, ਸੀਨੀਅਰ ਮੀਤ ਪ੍ਰਧਾਨ ਇੰਜਨੀਅਰ ਜਗਦੇਵ ਸਿੰਘ ਬੋਪਾਰਾਏ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਨਮਾਜਰਾ ਦੀ ਅਗਵਾਈ ਹੇਠ ਬਿਜਲੀ ਦੇ ਅਣਐਲਾਨੇ ਕੱਟਾਂ ਖ਼ਿਲਾਫ਼ ਰੋਸ ਧਰਨਾ ਦਿੱਤਾ। ਵੱਖ-ਵੱਖ ਬੁਲਾਰਿਆਂ ਨੇ ‘ਆਪ’ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਲਿਆਉਣ ਦੀ ਨੀਅਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜੋ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ।
‘ਆਪ’ ਦੇ ਸਰਪਲੱਸ ਬਿਜਲੀ ਦੇ ਝੂਠੇ ਵਾਅਦੇ ਬੇਨਕਾਬ: ਢਿੱਲੋਂ
ਮਾਛੀਵਾੜਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਬਿਜਲੀ ਕੱਟਾਂ ਖਿਲਾਫ਼ ਲੱਖੋਵਾਲ-ਗੱਦੋਵਾਲ ਵਿੱਚ ਸਥਿਤ ਬਿਜਲੀ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਸ੍ਰੀ ਢਿੱਲੋਂ ਨੇ ‘ਆਪ’ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਦਾਅਵੇ ਕੀਤੇ ਜਾ ਰਹੇ ਸਨ ਕਿ ਸਾਡੇ ਕੋਲ ਬਿਜਲੀ ਸਰਪਲੱਸ ਹੈ ਪਰ ਲੰਮੇ ਕੱਟਾਂ ਨੇ ਇਨ੍ਹਾਂ ਦਾ ਝੂਠ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਦਿਖਾਵੇ ਦੀ ਰਾਜਨੀਤੀ ਕਰ ਰਹੀ ਹੈ ਅਤੇ ਜਦੋਂ ਵਿਰੋਧੀ ਧਰਨਿਆਂ ਦਾ ਐਲਾਨ ਕਰਦੇ ਹਨ ਤਾਂ ਕੁਝ ਸਮੇਂ ਲਈ ਬਿਜਲੀ ਸਪਲਾਈ ਵਧਾ ਦਿੱਤੀ ਜਾਂਦੀ ਹੈ, ਪਰ ਅਸਲ ਹਾਲਾਤ ਜਿਉਂ ਦੇ ਤਿਉਂ ਰਹਿੰਦੇ ਹਨ। ਇਸ ਮੌਕੇ ਸਿਮਰਨਜੀਤ ਸਿੰਘ ਢਿੱਲੋਂ ਵੀ ਮੌਜੂਦ ਸਨ।
ਐਕਸੀਅਨ ਦਫ਼ਤਰ ਦਾ ਘਿਰਾਓ ਕੀਤਾ
ਜਗਰਾਉਂ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਹਲਕਾ ਜਗਰਾਉਂ ਵੱਲੋਂ ਵੱਡੀ ਗਿਣਤੀ ’ਚ ਇਕੱਤਰ ਹੋ ਕੇ ਐਕਸੀਅਨ ਦਫ਼ਤਰ ਜਗਰਾਉਂ ਦਾ ਘਿਰਾਓ ਕੀਤਾ ਗਿਆ। ਧਰਨੇ ਦੌਰਾਨ ਲੋਕਾਂ ਨੇ ਸੂਬਾ ਸਰਕਾਰ ਖ਼ਿਲਾਫ਼ ਰੱਜ ਕੇ ਭੜਾਸ ਕੱਢੀ ਤੇ ਨਾਅਰੇਬਾਜ਼ੀ ਕੀਤੀ। ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਐੱਸ ਆਰ ਕਲੇਰ ਨੇ ਆਖਿਆ ਕਿ ਸਰਕਾਰ ਦੇ ਬਿਜਲੀ ਤੰਤਰ ਦੀ ਫੂਕ ਨਿਕਲ ਚੁੱਕੀ ਹੈ। ਹਰ ਵਰਗ ਬਿਜਲੀ ਕੱਟਾਂ ਕਾਰਨ ਪ੍ਰੇਸ਼ਾਨ ਹੈ। ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਸਰਕਾਰ ਦੀ ਨਾਲਾਇਕੀ ਕਾਰਨ ਛੋਟੇ ਦੁਕਾਨਦਾਰ ਅਤੇ ਕਾਰੋਬਾਰੀ ਸੜਕਾਂ ’ਤੇ ਆ ਗਏ ਹਨ। ਇਹੀ ਨਹੀਂ, ਘਰੇਲੂ ਜੀਵਨ ਤੇ ਬੱਚਿਆਂ ਦੀ ਪੜ੍ਹਾਈ ’ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਧਰਨੇ ਨੂੰ ਚੰਦ ਸਿੰਘ ਡੱਲਾ,ਦੀਦਾਰ ਸਿੰਘ ਮਲਕ, ਸ਼ਿਵਰਾਜ ਸਿੰਘ ਅਤੇ ਪਰਮਿੰਦਰ ਸਿੰਘ ਚੀਮਾਂ ਨੇ ਸੰਬੋਧਨ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਪ੍ਰਬੰਧ ਸੁਚਾਰੂ ਢੰਗ ਨਾਲ ਨਾ ਚਲਾਏ ਗਏ ਅਤੇ ਕੱਟ ਬੰਦ ਨਾ ਕੀਤੇ ਗਏ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।

