ਗਗਨਦੀਪ ਅਰੋੜਾ
ਲੁਧਿਆਣਾ, 23 ਅਕਤੂਬਰ
ਖੇਤੀ ਸੋਧ ਬਿੱਲ ਦੇ ਮੁੱਦੇ ’ਤੇ ਵਿਧਾਨ ਸਭਾ ਵਿੱਚ ਪਹਿਲਾਂ ਕੈਪਟਨ ਸਰਕਾਰ ਦੇ ਫ਼ੈਸਲਿਆਂ ਦਾ ਸਵਾਗਤ ਕਰਨ ਤੇ ਦੂਜੇ ਦਿਨ ਉਸ ’ਤੇ ਸਵਾਲ ਚੁੱਕਣ ਦੇ ਮਾਮਲੇ ਵਿੱਚ ਅੱਜ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਦੋਵੇਂ ਪਾਰਟੀਆਂ ਦੇ ਵਿਧਾਇਕਾਂ ਵੱਲੋਂ ਕੈਪਟਨ ਸਰਕਾਰ ਦੇ ਫ਼ੈਸਲਿਆਂ ’ਤੇ ਮੋਹਰ ਲਾਉਣ ਮਗਰੋਂ ਦੂਜੇ ਦਿਨ ਮੁੱਕਰ ਜਾਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਸੁਧਾਰ ਕਾਨੂੰਨ, ਪੰਜਾਬ ਸਰਕਾਰ ਵੱਲੋਂ ਨਵੇਂ ਬਣਾਏ ਕਾਨੂੰਨਾਂ ’ਤੇ ਅਕਾਲੀ ਅਤੇ ‘ਆਪ’ ਵਾਲੇ ਸਿਆਸਤ ਖੇਡ ਕੇ ਆਪਣੀ ਖਤਮ ਹੁੰਦੀ ਜਾ ਰਹੀ ਸਾਖ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਕਿ ਇਨ੍ਹਾਂ ਦਾ ਕਿਸਾਨ ਅੰਦੋਲਨ ਨਾਲ ਕੋਈ ਲੈਣਾ-ਦੇਣਾ ਨਹੀ ਹੈ। ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲਿਆਂਦੇ ਗਏ ਕਾਨੂੰਨ ਕਿਸਾਨੀ ਅੰਦੋਲਨ ਦੇ ਦਬਾਓ ਕਾਰਨ ਹੀ ਲਿਆਂਦੇ ਗਏ ਹਨ ਅਤੇ ਇਨ੍ਹਾਂ ਕਾਨੂੰਨਾਂ ਦਾ 115 ਵਿਧਾਇਕਾਂ ਵੱਲੋਂ ਸਮਰਥਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਪੰਜਾਬ ਸਰਕਾਰ ਵੱਲੋਂ ਲਿਆਂਦੇ ਕਾਨੂੰਨਾਂ ਦਾ ਸਮਰਥਨ ਕਰਦੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਅੰਦੋਲਨ ਵਾਪਸ ਲੈਣ ਲਈ ਕਹਿਣ ’ਤੇ ਉਸ ਦਾ ਵਿਰੋਧ ਕਰਦੀ ਹੈ। ਬੈਂਸ ਨੇ ਕਿਸਾਨ ਜਥੇਬੰਦੀਆਂ ਨੂੰ ਸਲਾਹ ਦਿੱਤੀ ਸੀ ਕਿ ਕੇਂਦਰ ਸਰਕਾਰ ਨਾਲ ਨਾ-ਮਿਲਵਰਤਰਨ ਲਹਿਰ ਚਲਾ ਕੇ ਕੇਂਦਰ ਸਰਕਾਰ ਦੇ ਦਫ਼ਤਰਾਂ ਨੂੰ ਤਾਲੇ ਲਾਏ ਜਾਣ ਅਤੇ ਇਸ ਦੀ ਸ਼ੁਰੂਆਤ ਇਨਕਮ ਟੈਕਸ ਵਿਭਾਗ ਤੋਂ ਕੀਤੀ ਜਾਵੇ।