ਰਾਮ ਗੋਪਾਲ ਰਾਏਕੋਟੀ
ਰਾਏਕੋਟ, 22 ਅਕਤੂਬਰ
ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਜਾਰੀ ਹੈ। ਇਸ ਮੁਹਿੰਮ ਤਹਿਤ ਪਿੰਡ ਨੂਰਪੁਰਾ ਨੇੜਲੇ ਰਿਲਾਇੰਸ ਪੈਟਰੋਲ ਪੰਪ ’ਤੇ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਦਿੱਤਾ ਜਾ ਰਿਹਾ ਰੋਸ ਧਰਨਾ 20ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ ਉਗਰਾਹਾਂ ਦੇ ਪਿੰਡ ਨੂਰਪੁਰਾ ਇਕਾਈ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੂਰਪੁਰਾ, ਗਗਨਦੀਪ ਸਿੰਘ ਬੁਰਜ, ਮਾ. ਚਰਨ ਸਿੰਘ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਮੰਗ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਇਹ ਸੰਘਰਸ਼ ਹੋਰ ਤਿੱਖਾ ਹੋਵੇਗੇ, ਜਿਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਆਰ-ਪਾਰ ਦੀ ਲੜਾਈ ਲਈ ਤਿਆਰ ਬੈਠੇ ਹਨ। ਇਸ ਮੌਕੇ ਬਲਵਿੰਦਰ ਸਿੰਘ ਬ੍ਰਹਮਪੁਰਾ, ਚਰਨ ਸਿੰਘ ਕਲਸੀਆਂ, ਮਨਜੀਤ ਸਿੰਘ ਮਹੋਲੀ, ਰਣਜੀਤ ਸਿੰਘ ਲੋਹਟਬੱਧੀ, ਬਲਦੇਵ ਰਾਜ ਲੰਮੇ, ਦਰਬਾਰਾ ਸਿੰਘ, ਮਿਰਜਾ ਸਿੰਘ, ਚਰਨ ਸਿੰਘ ਨੂਰਪੁਰਾ, ਸੁਖਜਿੰਦਰ ਸਿੰਘ ਬੁਰਜ, ਹਰਪ੍ਰੀਤ ਸਿੰਘ ਟੂਸੇ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
4 ਨਵੰਬਰ ਤੋਂ ਬਾਅਦ ਸੰਘਰਸ਼ ਤਿੱਖਾ ਕਰਨ ਦਾ ਐਲਾਨ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਆਰੰਭਿਆ ਸੰਘਰਸ਼ 22ਵੇਂ ਦਿਨ ’ਚ ਪ੍ਰਵੇਸ਼ ਕਰ ਚੁੱਕਾ ਹੈ। ਕਿਸਾਨ, ਮਜ਼ਦੂਰ,ਰੇਹੜੀ ਫੜ੍ਹੀ ਮਜ਼ਦੂਰ ਯੂਨੀਅਨ, ਮੁਲਾਜ਼ਮ ਜਥੇਬੰਦੀਆਂ, ਛੋਟੇ ਵਪਾਰੀ ਸੰਗਠਨ, ਆੜ੍ਹਤੀ ਆਦਿ ਵੱਲੋਂ ਸਾਂਝੇ ਤੌਰ ’ਤੇ ਧਰਨੇ ਦੀ ਸ਼ੁਰੂਆਤ ਕਰਦਿਆਂ ਪਿਛਲੇ ਵਰ੍ਹੇ ਇਲਾਕੇ ਦੀ ਇਨਕਲਾਬੀ ਲਹਿਰ ’ਚੋਂ ਵਿਛੜ ਗਏ ਸਾਥੀ ਗੁਰਚਰਨ ਸਿੰਘ ਹਠੂਰ ਨੂੰ ਸ਼ਰਧਾਂਜਲੀ ਭੇਟ ਕੀਤੀ। ਮੰਚ ਸਕੱਤਰ ਜਗਤਾਰ ਦੇਹੜਕਾ ਦੀ ਅਗਵਾਈ ਹੇਠ ਧਰਨੇ ਨੂੰ ਕੰਵਲਜੀਤ ਖੰਨਾ, ਹਰਦੀਪ ਗਾਲਬਿ, ਬਲਵਿੰਦਰ ਕਮਾਲਪੁਰਾ, ਅਵਤਾਰ ਰਸੂਲਪੁਰ, ਇੰਦਰਜੀਤ ਧਾਲੀਵਾਲ, ਅਮਰ ਸਿੰਘ ਕਾਦੀਆਂ, ਰੋਡਵੇਜ਼ ਮੁਲਾਜ਼ਮ ਆਗੂ ਜਗਦੀਸ਼ ਸਿੰਘ ਨੇ ਆਖਿਆ ਕਿ ਕਿਸਾਨ ਜਥੇਬੰਦੀਆਂ ਦੀਆਂ ਹਦਾਇਤਾਂ ’ਤੇ ਧਰਨਾ ਰੇਲਵੇ ਟਰੈਕ ਤੋਂ ਚੁੱਕ ਕੇ 4 ਨਵੰਬਰ ਤੱਕ ਪਲੇਟਫਾਰਮਾਂ ’ਤੇ ਲਿਆਂਦਾ ਹੈ। ਉਨ੍ਹਾਂ ਆਖਿਆ ਕਿ ਵਿਧਾਨ ਸਭਾ ’ਚ ਕਾਨੂੰਨ ਰੱਦ ਹੋਣ ’ਤੇ ਸਿੱਧਾ ਮੋਦੀ ਹਕੂਮਤ ਖਿਲਾਫ਼ ਸੰਘਰਸ਼ ਇਸ ਤੋਂ ਵੀ ਤਿੱਖਾ ਹੋਵੇਗਾ। ਰਿਲਾਇੰਸ ਪੰਪ, ਚੌਕੀਮਾਨ ਟੌਲ ’ਤੇ 22 ਦਿਨਾਂ ਤੋਂ ਚੱਲ ਰਿਹਾ ਧਰਨਾ ਨਿਰੰਤਰ ਜਾਰੀ ਹੈ।
ਕਿਸਾਨਾਂ ਤੇ ਵਪਾਰੀਆਂ ਦੇ ਹੱਕ ’ਚ ਡਟੀ ਲੋਕ ਇਨਸਾਫ਼ ਪਾਰਟੀ
ਗਗਨਦੀਪ ਅਰੋੜਾ
ਲੁਧਿਆਣਾ, 22 ਅਕਤੂਬਰ
ਖੇਤੀ ਬਿੱਲਾਂ ਦੇ ਵਿਰੁੱਧ ਹੁਣ ਪੰਜਾਬ ਦਾ ਵਪਾਰੀ ਵੀ ਕਿਸਾਨਾਂ ਅਤੇ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਸੜਕਾਂ ’ਤੇ ਉਤਰ ਆਇਆ ਹੈ। ਇਸੇ ਤਹਿਤ ਲੋਕ ਇਨਸਾਫ਼ ਪਾਰਟੀ ਦੇ ਆਗੂ ਰਣਧੀਰ ਸਿੰਘ ਸਿਵੀਆ ਦੀ ਅਗਵਾਈ ’ਚ ਵਪਾਰ ਵਿੰਗ ਦੇ ਮੈਂਬਰਾਂ ਵੱਲੋਂ ਇੱਕ ਰੋਸ ਮਾਰਚ ਕੱਢਿਆ ਗਿਆ। ਘੰਟਾ ਘਰ ਚੌਕ ’ਚ ਰੋਸ ਪ੍ਰਦਰਸ਼ਨ ਸ਼ੁਰੂ ਕਰਨ ਤੋਂ ਬਾਅਦ ਡਿਵੀਜ਼ਨ ਨੰਬਰ-3 ਚੌਕ ’ਚ ਸਾਰੇ ਪ੍ਰਦਰਸ਼ਨਕਾਰੀ ਪੁੱਜੇ ਤੇ ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ।
ਆਗੂ ਰਣਧੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹੱਕ ’ਚ ਜੋ ਮਤਾ ਪਾਸ ਕੀਤਾ ਹੈ, ਉਹ ਕਾਫ਼ੀ ਵਧੀਆ ਹੈ ਪਰ ਬਿੱਲ ਰਾਜ ਸਭਾ ਜਾਂ ਫਿਰ ਰਾਸ਼ਟਰਪਤੀ ਨੇ ਪਾਸ ਨਹੀਂ ਕੀਤਾ ਤਾਂ ਉਸਦਾ ਕੋਈ ਫਾਇਦਾ ਨਹੀਂ। ਕਿਤੇ ਨਾ ਕਿਤੇ ਪੰਜਾਬ ਸਰਕਾਰ ਨੇ ਵੀ ਕਿਸਾਨਾਂ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਸੜਕਾਂ ’ਤੇ ਹੈ, ਇਸ ਨਾਲ ਵਪਾਰੀਆਂ ਦਾ ਵੀ ਕਾਫ਼ੀ ਨੁਕਸਾਨ ਹੋ ਰਿਹਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੇ ਨਾਲ ਨਾਲ ਪੰਜਾਬ ਦੇ ਵਪਾਰੀਆਂ ਦਾ ਵੀ ਧਿਆਨ ਰੱਖਿਆ ਜਾਵੇ।