ਖੇਤੀ ਬਿੱਲ: ਹੱਕਾਂ ਲਈ ਸੜਕਾਂ ’ਤੇ ਡਟੇ ਲੋਕ

ਖੇਤੀ ਬਿੱਲ: ਹੱਕਾਂ ਲਈ ਸੜਕਾਂ ’ਤੇ ਡਟੇ ਲੋਕ

ਖੰਨਾ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।

ਜੋਗਿਦਰ ਸਿੰਘ ਓਬਰਾਏ 
ਖੰਨਾ, 26 ਸਤੰਬਰ 

ਇਥੋਂ ਦੇ ਲਲਹੇੜੀ ਚੌਕ ਵਿੱਚ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨਾਂ ਨੇ ਰੋਸ ਧਰਨਾ ਦਿੱਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸਮਾਜਿਕ ਜਥੇਬੰਦੀਆਂ ਦੇ ਆਗੂ ਪੁਸ਼ਕਰਰਾਜ ਸਿੰਘ ਰੂਪਰਾਏ ਅਤੇ ਕਿਸਾਨ ਆਗੂ ਗੁਰਿੰਦਰ ਸਿੰਘ ਸੋਮਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਬਿੱਲ ਲਿਆ ਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਇਨ੍ਹਾਂ ਖੇਤੀ ਬਿੱਲਾਂ ਕਾਰਨ ਕਿਸਾਨਾਂ ਨੂੰ ਆਉਂਦੇ ਸਮੇਂ ਵਿੱਚ ਆਰਥਿਕ ਤੌਰ ’ਤੇ ਭਾਰੀ ਨੁਕਸਾਨ ਪੁੱਜੇਗਾ। 

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਮਜ਼ਦੂਰਾਂ ਦੀ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਦੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਕਿੰਨਾ ਚੰਗਾ ਹੁੰਦਾ ਜੇਕਰ ਕੇਂਦਰ ਸਰਕਾਰ ਇਹ ਬਿੱਲ ਲਿਆਉਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ, ਖੇਤੀ ਮਾਹਿਰਾਂ ਤੇ ਬੁੱਧੀਜੀਵੀਆਂ ਨੂੰ ਵਿਚਾਰ ਪ੍ਰਗਟਾਉਣ ਦਾ ਮੌਕਾ ਦਿੰਦੀ ਅਤੇ ਉਸਾਰੂ ਬਹਿਸ ਕਰਵਾਈ ਜਾਂਦੀ। ਇਸ ਮੌਕੇ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਇਹ ਬਿੱਲ ਕਿਸਾਨ ਵਿਰੋਧੀ ਹੋਣ ਤੋਂ ਇਲਾਵਾ ਆੜ੍ਹਤੀ, ਮਜ਼ਦੂਰ, ਮੁਨੀਮ ਭਾਈਚਾਰੇ ਦੇ ਵਿਰੋਧੀ ਵੀ ਹਨ, ਇਸ ਦੇ ਲਾਗੂ ਹੋਣ ਉਪਰੰਤ ਹਰ ਵਰਗ ’ਤੇ ਇਸ ਦਾ ਮਾਰੂ ਅਸਰ ਪਵੇਗਾ। ਇਸ ਮੌਕੇ ਗੁਰਮੁੱਖ ਸਿੰਘ ਸਾਬਕਾ ਸਰਪੰਚ, ਹਰਦੀਪ ਸਿੰਘ ਮਾਨ, ਜਸਕਰਨ ਸਿੰਘ ਚਾਹਲ, ਬਚਿੱਤਰ ਸਿੰਘ, ਦੀਦਾਰ ਸਿੰਘ ਸਰਪੰਚ, ਰਣਧੀਰ ਸਿੰਘ ਚਾਹਲ, ਗੁਰਮੀਤ ਸਿੰਘ ਅਤੇ ਸਿਕੰਦਰ ਸਿੰਘ ਹਾਜ਼ਰ ਸਨ।

ਲੁਧਿਆਣਾ ਵਿੱਚ ਕੇਂਦਰ ਸਰਕਾਰ ਦੀ ਅਰਥੀ ਚੁੱਕ ਕੇ ਪ੍ਰਦਰਸ਼ਨ ਕਰਦੇ ਹੋਏ ਪਾਵਰਕੌਮ ਮੁਲਾਜ਼ਮ।

ਪਾਇਲ (ਦੇਵਿੰਦਰ ਸਿੰਘ ਜੱਗੀ): ਪੰਜਾਬ ਰਾਜ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਵੱਲੋਂ ਸਬ-ਡਵੀਜ਼ਨ ਦੇ ਆਗੂ ਰਾਜ਼ੇਸ ਗੋ-ਸਵਾਮੀ, ਕੁਲਦੀਪ ਸਿੰਘ, ਜਸਵਿੰਦਰ ਸਿੰਘ, ਹਰਿੰਦਰ ਸਿੰਘ, ਬਿੱਕਰ ਸਿੰਘ, ਸੁਰਜੀਤ ਸਿੰਘ, ਇੰਜ: ਗੁਰਪ੍ਰੀਤ ਸਿੰਘ ਜੇ.ਈ ਆਦਿ ਵੱਲੋਂ ਸਾਂਝੇ ਤੌਰ ’ਤੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਦਫ਼ਤਰ ਧਮੋਟ ਕਲਾਂ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਤੇ ਬਿਜਲੀ ਸੋਧ ਬਿੱਲ ਰੱਦ ਕੀਤੇ ਜਾਣ। ਕੇਂਦਰ ਸਰਕਾਰ ਖ਼ਿਲਾਫ਼ ਘੋਲ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਨੇ ਡਟ ਕੇ ਹਮਾਇਤ ਕੀਤੀ। 

ਸਮਰਾਲਾ (ਪੱਤਰ ਪ੍ਰੇਰਕ): ਟੈਕਨੀਕਲ ਸਰਵਿਸਜ ਯੂਨੀਅਨ ਦੇ ਸਕੱਤਰ ਸੁਰਜੀਤ ਕੁਮਾਰ ਅਤੇ ਪਾਵਰਕੌਮ ਐਂਡ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਸਮਰਾਲਾ ਡਵੀਜਨ ਦੇ ਸਕੱਤਰ ਅਵਤਾਰ ਸਿੰਘ ਦੀ ਅਗਵਾਈ ਹੇਠ ਸਬ ਡਵੀਜਨ ਸਮਰਾਲਾ ਦੇ ਬਿਜਲੀ ਕਾਮਿਆਂ ਨੇ  ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ, ਮਜ਼ਦੂਰ, ਮੁਲਾਜ਼ਮ ਵਿਰੋਧੀ ਕਾਨੂੰਨਾਂ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ। ਰੈਲੀ ਨੂੰ ਟੈਕਨੀਕਲ ਸਰਵਿਸ ਯੂਨੀਅਨ ਸਮਰਾਲਾ ਡਵੀਜ਼ਨ ਪ੍ਰਧਾਨ ਸੰਗਤ ਸਿੰਘ, ਸਮਰਾਲਾ ਸਬ ਡਵੀਜ਼ਨ ਪ੍ਰਧਾਨ ਜਸਵੰਤ ਸਿੰਘ, ਮੋਹਣ ਸਿੰਘ, ਆਤਮਾ ਸਿੰਘ, ਗੁਰਸੇਵਕ ਸਿੰਘ, ਕੁਲਵਿੰਦਰ ਸਿੰਘ ਪਾਵਰਕੌਮ ਐਂਡ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਤੋ ਰੋਪੜ ਸਰਕਲ ਪ੍ਰਧਾਨ ਪਰਮਿੰਦਰ ਸਿੰਘ ਸਮਰਾਲਾ ਡਵੀਜ਼ਨ ਪ੍ਰਧਾਨ ਜਸਵੀਰ ਸਿੰਘ, ਦਵਿੰਦਰ ਸਿੰਘ ਅਤੇ ਅਵਤਾਰ ਸਿੰਘ ਨੇ ਸੰਬੋਧਨ ਕੀਤਾ।

‘ਸੰਘਰਸ਼ ਨੂੰ ਢਾਹ ਲਾਊਣ ਦੀ ਕੋਸ਼ਿਸ਼ ’ਚ ਸਿਆਸੀ ਪਾਰਟੀਆਂ’

ਪਾਇਲ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਯੂਨੀਅਨਾਂ ਤੇ ਸਿਆਸੀ ਪਾਰਟੀਆਂ ਵੀ ਆਪਣੇ ਤੌਰ ’ਤੇ ਸੰਘਰਸ਼ ਕਰ ਰਹੀਆਂ ਹਨ ਪਰ ਬੀਕੇਯੂ ਏਕਤਾ ਉਗਰਾਹਾਂ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਕਿਸਾਨਾਂ ਦੇ ਸੰਘਰਸ਼ ਦੇ ਪਿੱੜ ਵਿੱਚ ਨਿਤਰ ਕੇ ਆਈ ਹੈ, ਯੂਨੀਅਨ ਆਪਣੇ ਸਟੈਂਡ ਉੱਪਰ ਖੜੀ ਹੈ ਕਿ ਉਹ ਕਿਸੇ ਵੀ ਵੋਟ ਦੀ ਰਾਜਨੀਤੀ ਕਰਨ ਵਾਲੀ ਸਿਆਸੀ ਪਾਰਟੀ ਦੀ ਹਮਾਇਤ ਨਹੀਂ ਕਰਦੀ, ਨਾ ਹੀ ਕਿਸੇ ਸਿਆਸੀ ਪਾਰਟੀ ਨੂੰ ਆਪਣੀ ਸਟੇਜ ’ਤੇ ਲੈ ਕੇ ਆਉਂਦੀ ਹੈ ਅਤੇ ਨਾ ਹੀ ਬੋਲਣ ਦਿੰਦੀ ਹੈ। ਉਨ੍ਹਾਂ ਕਿਹਾ ਕਿ ਵੋਟ ਪਾਰਟੀਆਂ ਨਾਲ ਸਾਡਾ ਕੋਈ ਸਰੋਕਾਰ ਨਹੀਂ ਪਰ ਕੁੱਝ ਲੋਕ ਯੂਨੀਅਨ ਦੇ ਝੰਡੇ ਲੈ ਕੇ ਸਿਆਸੀ ਪਾਰਟੀਆਂ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੁੰਦੇ ਹਨ, ਜੋ ਯੂਨੀਅਨ ਦੇ ਅਕਸ ’ਤੇ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਅਕਾਲੀਆਂ ਦੇ ਧਰਨੇ ਵਿੱਚ ਯੂਨੀਅਨ ਦਾ ਝੰਡਾ ਫੜੀ ਖੜੇ ਇੱਕ ਵਿਅਕਤੀ ਦੀ ਫੋਟੋ ਸਾਹਮਣੇ ਆਉਣ ’ਤੇ ਯੂਨੀਅਨ ਨੇ ਕਾਫੀ ਬੁਰਾ ਮਨਾਇਆ। ਕਿਸਾਨ ਆਗੂ ਨੇ ਅੱਗੇ ਕਿਹਾ ਕਿ ਅਕਾਲੀ-ਭਾਜਪਾ ਤੇ ਕਾਂਗਰਸ ਵੋਟ ਪਾਰਟੀਆਂ ਖੇਤੀ ਬਿੱਲਾਂ ਖ਼ਿਲਾਫ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਕਿ ਯੂਨੀਅਨ ਵਾਲੇ ਵੀ ਇਸ ਵਿੱਚ ਸ਼ਾਮਲ ਹਨ ਅਤੇ ਯੂਨੀਅਨ ਦੇ ਕਾਰਜ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ ਕਰ ਰਹੇ ਹਨ। ਘੁਡਾਣੀ ਨੇ ਅੱਗੇ ਕਿਹਾ ਕਿ ਬੀਕੇਯੂ ਏਕਤਾ ਉਗਰਾਹਾਂ ਕਿਸੇ ਵੀ ਸਿਆਸੀ ਪਾਰਟੀ ਨਾਲ ਰਲ ਕੇ ਕੋਈ ਵੀ ਸਾਂਝਾ ਪ੍ਰੋਗਰਾਮ ਨਹੀਂ ਕਰ ਰਹੀ, ਨਾ ਕਰੇਗੀ, ਉਹ ਤਾਂ ਸਿਰਫ ਕਿਸਾਨ-ਕਿਸਾਨੀ ਤੇ ਲੁੱਟੇ-ਪੁੱਟੇ ਜਾ ਰਹੇ ਤਬਕਿਆਂ ਨਾਲ ਸਾਂਝ ਪਾ ਕੇ ਚੱਲੇਗੀ। ਇਸ ਮੌਕੇ ਗੁਰਬਖਸ਼ ਸਿੰਘ, ਦਲਜੀਤ ਸਿੰਘ, ਬਲਵੀਰ ਸਿੰਘ, ਹਰਦੇਵ ਸਿੰਘ ਤੇ ਹਰਮਿੰਦਰ ਸਿੰਘ ਕੂਹਲੀ ਵੀ ਹਾਜ਼ਰ ਸਨ।

ਖੇਤੀ ਬਿੱਲ ਰੱਦ ਕਰਵਾਊਣ ਲਈ ਰਾਸ਼ਟਰਪਤੀ ਨੂੰ ਭੇਜਿਆ ਪੱਤਰ

ਲੁਧਿਆਣਾ (ਗੁਰਿੰਦਰ ਸਿੰਘ): ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਬਿੱਲਾਂ ਅਤੇ ਬਿਜਲੀ ਸੋਧ ਬਿੱਲ 2020 ਖ਼ਿਲਾਫ਼ ਸ਼ੁਰੂ ਕੀਤੇ ਸੰਘਰਸ਼ ਨੂੰ ਹਰ ਵਰਗ ਵੱਲੋਂ ਭਰਵੀਂ ਹਮਾਇਤ ਦਿੱਤੀ ਜਾ ਰਹੀ ਹੈ। ਪਾਵਰਕੌਮ ਦੇ ਜੁਆਇੰਟ ਫੋਰਮ ਦੇ ਸੱਦੇ ’ਤੇ ਸੁੰਦਰ ਨਗਰ ਮੰਡਲ ਵਿੱਚ ਪੂਰਬੀ ਸਰਕਲ ਵੱਲੋਂ ਗੇਟ ਰੈਲੀ ਕਰ ਕੇ ਕੇਂਦਰ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਰੈਲੀ ਨੂੰ ਸਾਥੀ ਰਮੇਸ਼ ਕੁਮਾਰ ਸ਼ਰਮਾ ਜ਼ੋਨ ਪ੍ਰਧਾਨ ਟੀਐੱਸਯੂ, ਰਘਵੀਰ ਸਿੰਘ ਸਰਕਲ ਸਕੱਤਰ, ਜਗੀਰ ਸਿੰਘ ਸਾਬਕਾ ਪ੍ਰਧਾਨ, ਗੌਰਵ ਕੁਮਾਰ ਯੂਨਿਟ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਸੰਬੋਧਨ ਕਰਦਿਆਂ ਚਿਤਾਵਨੀ ਦਿੱਤੀ ਕਿ ਇਹ ਬਿੱਲ ਸਰਕਾਰ ਰੱਦ ਨਹੀਂ ਕਰਦੀ ਤਾਂ ਤਿੱਖੇ ਸੰਘਰਸ਼ ਕੀਤੇ ਜਾਣਗੇ। ਇਸੇ ਤਰ੍ਹਾਂ ਭਾਰਤੀਆ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਇੱਕ ਵਫ਼ਦ ਨੇ ਰਾਸ਼ਟਰੀ ਨਿਰਦੇਸ਼ਕ ਵੀਰ ਸ੍ਰੇਸ਼ਠ ਨਰੇਸ਼ ਧੀਂਗਾਨ ਦੀ ਅਗਵਾਈ ਹੇਠ ਖੇਤੀ ਬਿੱਲਾਂ ਖ਼ਿਲਾਫ਼ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਏਡੀਸੀ ਅਮਰਜੀਤ ਸਿੰਘ ਨੂੰ ਦਿੱਤਾ। ਦੂਜੇ ਪਾਸੇ ਦਿ ਰੈਵਿਨਿਊ ਪਟਵਾਰ ਯੂਨੀਅਨ ਪੰਜਾਬ ਦੀ ਲੁਧਿਆਣਾ ਇਕਾਈ ਵੱਲੋਂ ਕਿਸਾਨਾਂ ਦਾ ਸਮਰਥਨ ਕਰਦਿਆਂ ਕਾਲੀ ਪੱਟੀਆਂ ਬਣ ਕੇ ਰੋਸ ਪ੍ਰਗਟਾਇਆ। ਜ਼ਿਲ੍ਹਾ ਪ੍ਰਧਾਨ ਸੁਖਜੀਤਪਾਲ ਸਿੰਘ ਥਰੀਕੇ, ਕਾਨੂੰਗੋ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੇਲ ਸਿੰਘ ਗਰੇਵਾਲ, ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਨੁਮਾਇੰਦੇ ਰੁਪਿੰਦਰ ਸਿੰਘ ਗਰੇਵਾਲ, ਰਾਜਿੰਦਰ ਸਿੰਘ ਖੱਟੜਾ, ਵਰੁਨ ਸ਼ਰਮਾ, ਨਿਰਮਲ ਸਿੰਘ ਰੰਧਾਵਾ, ਅਮਨਪ੍ਰੀਤ ਸਿੰਘ ਭੁੱਲਰ ਅਤੇ ਕਮਲਪ੍ਰੀਤ ਸਿੰਘ ਨੇ ਇਹ ਬਿੱਲ ਵਾਪਸ ਲੈਣ ਦੀ ਮੰਗ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All