ਦਿੱਲੀ ’ਚ ਹਾਰ ਮਿਲਣ ਮਗਰੋਂ ਹੁਣ ਪੰਜਾਬ ’ਚ ਧੱਕਾ ਕਰ ਰਹੀ ਹੈ ‘ਆਪ’: ਪਵਨ ਖੇੜਾ
ਗਗਨਦੀਪ ਅਰੋੜਾ
ਲੁਧਿਆਣਾ, 11 ਜੂਨ
ਵਿਧਾਨਸਭਾ ਹਲਕਾ ਪੱਛਮੀ ਦੀ ਉਪ ਚੋਣ ਵਿੱਚ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਲਈ ਪ੍ਰਚਾਰ ਕਰਨ ਪਹੁੰਚੇ ਕਾਂਗਰਸ ਦੇ ਕੌਮੀ ਬੁਲਾਰੇ ਪਵਨ ਖੇੜਾ ਨੇ ਅੱਜ ਇਥੇ ਕਿਹਾ ਕਿ ਪੰਜਾਬ ਹੁਣ ਝੂਠੀ ਸਿਆਸਤ ਕਰਨ ਵਾਲਿਆਂ ਤੋਂ ਆਜ਼ਾਦੀ ਚਾਹੁੰਦਾ ਹੈ। ਦਿੱਲੀ ਵਿੱਚ ਹਾਰ ਤੋਂ ਬਾਅਦ ‘ਆਪ’ ਦੀ ਠੱਗੀ ਦੀ ਦੁਕਾਨ ਬੰਦ ਹੋ ਗਈ ਹੈ ਤੇ ਪੰਜਾਬ ਦੇ ਕਿਸਾਨ, ਨੌਜਵਾਨ ਅਤੇ ਕਾਰੋਬਾਰੀ ਦਿੱਲੀ ਦੀਆਂ ਜੇਲ੍ਹਾਂ ’ਚੋਂ ਜ਼ਮਾਨਤ ’ਤੇ ਬਾਹਰ ਆਏ ਲੋਕਾਂ ਦਾ ਖਰਚੇ ਦਾ ਭਾਰ ਝੱਲ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਦੀ ਇੱਜ਼ਤ ਦਿੱਲੀ ਦੇ ਲੋਕਾਂ ਅੱਗੇ ਗਿਰਵੀ ਰੱਖ ਦਿੱਤੀ ਹੈ। ਭਗਵੰਤ ਮਾਨ ਸਿਰਫ਼ ਨਾਮ ਦੇ ਪੰਜਾਬ ਸਰਕਾਰ ਦੇ ਮੁਖੀ ਹਨ ਪਰ ਪੰਜਾਬ ਦੀ ਸੱਤਾ ਦਿੱਲੀ ਦੇ ਲੋਕਾਂ ਦੇ ਹੱਥਾਂ ਵਿੱਚ ਹੈ।
ਉਨ੍ਹਾਂ ਕਿਹਾ ਕਿ ਹਾਰ ਮਗਰੋਂ ਹੁਣ ਦਿੱਲੀ ਦੀ ਟੀਮ ਪੰਜਾਬ ਵਿੱਚ ਉਗਰਾਹੀ ਕਰ ਰਹੀ ਹੈ। ਦਿੱਲੀ ਦੇ ਲੋਕਾਂ ਦੀ ਇੱਕ ਟੀਮ ਜੋ ਉੱਚ ਸਰਕਾਰੀ ਅਹੁਦਿਆਂ ’ਤੇ ਕਾਬਜ਼ ਹੈ ਉਹ ਉਗਰਾਹੀ ਕਰਦੀ ਹੈ ਤੋ ਦੂਜੀ ਟੀਮ ਪੈਸੇ ਗਿਣਦੀ ਹੈ। ਉਨ੍ਹਾਂ ਕਿਹਾ ਕਿ ਆਸ਼ੂ ਮਜ਼ਬੂਤ ਹੈ ਤੇ ਸਰਕਾਰ ਦੀਆਂ ਗਿੱਦੜ ਧਮਕੀਆਂ ਤੋਂ ਨਹੀਂ ਡਰੇਗਾ। ਆਸ਼ੂ ਕੋਲ ਪੱਛਮੀ ਵਿਧਾਨ ਸਭਾ ਦੇ ਵਿਕਾਸ ਲਈ ਵਿਜ਼ਨ ਮੌਜੂਦ ਹੈ। ਉਨ੍ਹਾਂ ਕਿਹਾ ਕਿ ਆਸ਼ੂ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ 1000 ਕਰੋੜ ਰੁਪਏ ਦਾ ਵਿਕਾਸ ਕਰਵਾਇਆ।
ਵਿਧਾਇਕ ਬਣਨ ਮਗਰੋਂ ਅਰੋੜਾ ਨੂੰ ਮੰਤਰੀ ਬਣਾਏ ਜਾਣ ਦੇ ਐਲਾਨ ’ਤੇ ਉਨ੍ਹਾਂ ਕਿਹਾ ਕਿ ਕੇਜਰੀਵਾਲ ਦੱਸਣ ਕਿ ਅਰੋੜਾ ਨੂੰ ਮੰਤਰੀ ਬਣਾਉਣ ਲਈ ਕਿਸ ਮੰਤਰੀ ਨੂੰ ਹਟਾਇਆ ਜਾਵੇਗਾ। ਪੰਜਾਬ ਸਰਕਾਰ ਦੇ ਨਸ਼ਿਆਂ ਵਿਰੁੱਧ ਯੂਧ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਕੈਬਨਿਟ ਦੀ ਅੱਧੀ ਕੈਬਿਨਟ ਸ਼ਰਾਬ ਘੁਟਾਲੇ ਵਿੱਚ ਜ਼ਮਾਨਤ ’ਤੇ ਬਾਹਰ ਹੈ। ਜਿਹੜੇ ਲੋਕ ਨਸੇ ਦੇ ਕਾਰੋਬਾਰ ਦੇ ਘੁਟਾਲੇ ਵਿੱਚ ਜ਼ਮਾਨਤ ’ਤੇ ਬਾਹਰ ਹਨ, ਉਹ ਪੰਜਾਬ ਵਿੱਚ ਨਸ਼ਾਖੋਰੀ ਨੂੰ ਖਤਮ ਕਰਨ ਦੀ ਗੱਲ ਕਰ ਰਹੇ ਹਨ।