ਸਫ਼ਾਈ ਕਾਮਿਆਂ ਤੋਂ ਮਿਉਂਸਿਪਲ ਐਕਟ ਉਲੰਘਣਾ ਕਰ ਕੇ ਕੰਮ ਲੈਣ ਅਤੇ ਲਮਕਦੀਆਂ ਮੰਗਾਂ ਨਾ ਮੰਨੇ ਜਾਣ ਖ਼ਿਲਾਫ਼ ਚੱਲ ਰਿਹਾ ਸੰਘਰਸ਼ ਅੱਜ ਆਵਾਜਾਈ ਠੱਪ ਕਰ ਕੇ ਮਿਲੇ ਲਿਖਤ ਭਰੋਸੇ ਮਗਰੋਂ ਖ਼ਤਮ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸਮੱਸਿਆਵਾਂ ’ਤੇ ਚਰਚਾ ਕਰਨ ਲਈ ਵੱਖ-ਵੱਖ ਜਥੇਬੰਦੀਆਂ ਨੇ ਸਫ਼ਾਈ ਕਾਮਿਆਂ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਇਨ੍ਹਾਂ ਵਿੱਚ ਨਗਰ ਸੁਧਾਰ ਸਭਾ ਵਲੋਂ ਪ੍ਰਧਾਨ ਮਾ. ਅਵਤਾਰ ਸਿੰਘ ਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਤੋਂ ਇਲਾਵਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ ਤੇ ਰਾਜ ਕੁਮਾਰ ਭੱਲਾ, ਜਮਹੂਰੀ ਕਿਸਾਨ ਸਭਾ ਤੋਂ ਬਲਰਾਜ ਸਿੰਘ ਕੋਟਉਮਰਾ ਤੇ ਗੁਰਮੇਲ ਰੂਮੀ, ਪੈਨਸ਼ਨਰਜ਼ ਯੂਨੀਅਨ ਤੋਂ ਅਸ਼ੋਕ ਭੰਡਾਰੀ, ਗਰੀਨ ਪੰਜਾਬ ਮਿਸ਼ਨ ਤੋਂ ਕੰਚਨ ਗੁਪਤਾ ਸ਼ਾਮਲ ਹੋਏ।
ਬੁਲਾਰਿਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਸਫ਼ਾਈ ਕਾਮਿਆਂ ਦੀ ਹਮਾਇਤ ਜਾਰੀ ਰੱਖਣ ਦਾ ਭਰੋਸਾ ਦਿਵਾਇਆ। ਇਹ ਧਰਨਾ ਬਾਅਦ ਦੁਪਹਿਰ ਤੱਕ ਚੱਲਦਾ ਰਿਹਾ ਪਰ ਕਈ ਦਿਨਾਂ ਦੀ ਕੰਮ ਛੱਡੋ ਹੜਤਾਲ ਤੇ ਧਰਨੇ ਦੇ ਬਾਵਜੂਦ ਸੁਣਵਾਈ ਨਾ ਹੋਣ ਤੋਂ ਅੱਕੇ ਸਫ਼ਾਈ ਕਾਮੇ ਝਾਂਸੀ ਰਾਣੀ ਚੌਕ ਤੋਂ ਕਮਲ ਚੌਕ ਨੂੰ ਜਾਂਦੇ ਰਸਤੇ ’ਤੇ ਧਰਨਾ ਲਾ ਕੇ ਬੈਠ ਗਏ। ਧਰਨੇ ਕਰ ਕੇ ਮਿੰਟਾਂ ਵਿੱਚ ਹੀ ਜਾਮ ਲੱਗ ਗਿਆ।
ਕਾਰਜ ਸਾਧਕ ਅਫ਼ਸਰ ਅਮਿਤ ਕੁਮਾਰ ਨੇ ਧਰਨੇ ਵਿੱਚ ਆ ਕੇ ਲਿਖਤੀ ਭਰੋਸਾ ਦਿੱਤਾ, ਜਿਸ ਮਗਰੋਂ ਸੰਘਰਸ਼ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਮਾਸਟਰ ਮਲਕੀਤ ਸਿੰਘ, ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ, ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ, ਆਸ਼ਾ ਰਾਣੀ ਅਤੇ ਨੀਨਾ ਹਾਜ਼ਰ ਸਨ।

