ਇਸ਼ਤਿਹਾਰੀ: ਨਵਚੇਤਨਾ ਨੇ ਸਕੂਲ ’ਚ ਫਲਦਾਰ ਬੂਟੇ ਲਾਏ
ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਜੂਨ
ਨਵਚੇਤਨਾ ਬਾਲ ਭਲਾਈ ਕਮੇਟੀ ਵੱਲੋਂ ਪ੍ਰਧਾਨ ਸੁਖਧੀਰ ਸਿੰਘ ਸੇਖੋੰ ਅਤੇ ਚੇਅਰਮੈਨ ਪਰਮਜੀਤ ਸਿੰਘ ਪਨੇਸਰ ਦੀ ਅਗਵਾਈ ਹੇਠ ‘ਸੇਵ ਅਰਥ, ਸੇਵ ਲਾਈਫ’ ਮੁਹਿੰਮ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਮੈਰੀਟੋਰੀਅਸ ਸਕੂਲ ਵਿੱਚ ਬੂਟੇ ਲਾਏ ਗਏ। ਸ੍ਰੀ ਸੇਖੋਂ ਤੇ ਸ੍ਰੀ ਪਨੇਸਰ ਨੇ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਵੱਲੋਂ ਆਪਣੇ ਹੱਥੀ ਬੂਟੇ ਲਾ ਕੇ ‘ਸੇਵ ਅਰਥ, ਸੇਵ ਲਾਈਫ’ ਦਾ ਸੁਨੇਹਾ ਦਿੱਤਾ ਗਿਆ।
ਮੁੱਖ ਮਹਿਮਾਨ ਸ੍ਰੀ ਸੇਖੋਂ ਅਤੇ ਪ੍ਰਿੰਸੀਪਲ ਸਤਵੰਤ ਕੌਰ ਨੇ ਦੱਸਿਆ ਕਿ ਨਵਚੇਤਨਾ ਕਮੇਟੀ ਵੱਲੋਂ ਸਕੂਲਾਂ, ਪਾਰਕਾਂ, ਜਨਤਕ ਸਥਾਨਾਂ ਉੱਪਰ ਬੂਟੇ ਲਗਾਉਣ ਦੀ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਬਹੁਤ ਹੀ ਸ਼ਲਾਘਾਯੋਗ ਹੈ। ਸੰਸਥਾ ਦੁਆਰਾ 100 ਤੋਂ ਵੱਧ ਫਲਦਾਰ ਅਤੇ ਰਵਾਇਤੀ ਬੂਟੇ ਸਕੂਲ ਵਿੱਚ ਲਗਾਏ ਗਏ ਹਨ ਜਿਸ ਨਾਲ ਵਿਦਿਆਰਥੀਆਂ ਨੂੰ ਸ਼ੁੱਧ ਵਾਤਾਵਰਨ ਅਤੇ ਖਾਣ ਲਈ ਫਲ ਮਿਲਣਗੇ ਜੋ ਵਧੀਆ ਉਪਰਾਲਾ ਹੈ। ਇਸ ਮੌਕੇ ਨਵਚੇਤਨਾ ਵਿਮੈੱਨ ਫਰੰਟ ਦੀ ਪ੍ਰਧਾਨ ਪੱਲਵੀ ਗਰਗ ਅਤੇ ਜਨਰਲ ਸਕੱਤਰ ਡਾ. ਗੁਰਬਖਸ਼ ਕੌਰ ਨੇ ਦੱਸਿਆ ਕਿ ਸੰਸਥਾ ਨੇ ਸਾਲ 2025-26 ਵਿੱਚ 5100 ਪੌਦੇ ਲਗਾਉਣ ਦਾ ਟੀਚਾ ਮਿਥਿਆ ਹੈ। ਉਹਨਾਂ ਦੱਸਿਆ ਕਿ ਕੋਈ ਵੀ ਸੰਸਥਾ ਸਕੂਲ ਜਾਂ ਹੋਰ ਅਦਾਰੇ ਨਵਚੇਤਨਾ ਨਾਲ ਮੁਫਤ ਪਲਾਂਟੇਸ਼ਨ ਲਈ ਸੰਪਰਕ ਕਰ ਸਕਦੇ ਹਨ। ਸਾਡੇ ਵੱਲੋਂ ਇਹ ਸੇਵਾ ਮੁਫਤ ਕੀਤੀ ਜਾਵੇਗੀ । ਇਸ ਮੌਕੇ ਉਕਤ ਤੋਂ ਇਲਾਵਾ ਨਵਚੇਤਨਾ ਸੀਨੀਅਰ ਸਿਟੀਜਨ ਵਿੰਗ ਦੇ ਪ੍ਰਧਾਨ ਅਨਿਲ ਸ਼ਰਮਾ, ਜਨਰਲ ਸਕੱਤਰ ਜਗਦੀਸ਼ ਸਿੰਘ, ਭੁਪਿੰਦਰ ਸਿੰਘ ਅਤੇ ਯੂਥ ਵਿੰਗ ਦੇ ਜ. ਸਕੱਤਰ ਰਵਿੰਦਰ ਸਿੰਘ ਅਤੇ ਲੱਕੀ ਗਿਲਹੋਤਰਾ ਖਾਸ ਤੌਰ ’ਤੇ ਹਾਜ਼ਰ ਰਹੇ।