ਹੰਗਾਮੇ ਮਗਰੋਂLudhiana Municipal Corporation ’ਚ ਪ੍ਰਸ਼ਾਸਨਿਕ ਫੇਰਬਦਲ
ਕਮਿਸ਼ਨਰ ਓਜਸਵੀ ਅਲੰਕਾਰ ਦੀ ਬਦਲੀ; ਅੰਕੁਰ ਮਹਿੰਦਰੂ ਨੂੰ ਕਮਾਨ ਸੌਂਪੀ; w ਕਰੋੜਾਂ ਦੇ ਵਿਵਾਦਤ ਪ੍ਰਾਜੈਕਟਾਂ ’ਤੇ ਨਿਯਮਾਂ ਦੀ ਪਾਲਣਾ ਕਰਵਾਉਣ ਦੀ ਜ਼ਿੱਦ ਬਣੀ ਤਬਾਦਲੇ ਦਾ ਕਾਰਨ; 18 ਸਾਲਾਂ ਮਗਰੋਂ ਕਿਸੇ ਪੀ ਸੀ ਐੱਸ ਅਧਿਕਾਰੀ ਨੂੰ ਮਿਲੀ ਕਮਾਨ
ਪੰਜਾਬ ਦੀ ਸਭ ਤੋਂ ਵੱਡੀ ਅਤੇ 1200 ਕਰੋੜ ਰੁਪਏ ਦੇ ਸਾਲਾਨਾ ਬਜਟ ਵਾਲੀ ਨਗਰ ਨਿਗਮ ਲੁਧਿਆਣਾ ਵਿੱਚ ਸਿਆਸੀ ਹੰਗਾਮੇ ਮਗਰੋਂ ਨਿਗਮ ਕਮਿਸ਼ਨਰ ਨੂੰ ਆਪਣੀ ਕੁਰਸੀ ਗੁਆਉਣੀ ਪਈ ਹੈ। ਜਨਰਲ ਹਾਊਸ ਦੀ ਮੀਟਿੰਗ ਵਿੱਚ ਹੋਏ ਭਾਰੀ ਹੰਗਾਮੇ ਅਤੇ ਸੱਤਾਧਾਰੀ ਧਿਰ ਦੇ ਕਥਿਤ ਦਬਾਅ ਅੱਗੇ ਝੁਕਣ ਤੋਂ ਸਾਫ਼ ਇਨਕਾਰ ਕਰਨ ਵਾਲੇ ਆਈ ਏ ਐੱਸ ਅਧਿਕਾਰੀ ਓਜਸਵੀ ਅਲੰਕਾਰ ਨੂੰ ਬੀਤੀ ਰਾਤ ਅਹੁਦੇ ਤੋਂ ਹਟਾ ਦਿੱਤਾ ਗਿਆ। ਰਾਤ ਲਗਪਗ ਨੌਂ ਵਜੇ ਜਾਰੀ ਹੋਏ ਬਦਲੀ ਦੇ ਹੁਕਮਾਂ ਤਹਿਤ ਹੁਣ ਆਈ ਏ ਐੱਸ ਦੀ ਬਜਾਏ ਪੀ ਸੀ ਐੱਸ ਅਧਿਕਾਰੀ ਅੰਕੁਰ ਮਹਿੰਦਰੂ ਨੂੰ ਨਿਗਮ ਦਾ ਨਵਾਂ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਅੰਕੁਰ ਮਹਿੰਦਰੂ ਇਸ ਤੋਂ ਪਹਿਲਾਂ ਵੀ ਲੁਧਿਆਣਾ ਵਿੱਚ ਸੰਯੁਕਤ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਸਾਲ 2008 ਤੋਂ ਬਾਅਦ ਲਗਪਗ 18 ਸਾਲਾਂ ਦੇ ਲੰਮੇ ਵਕਫ਼ੇ ਮਗਰੋਂ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਪੀ ਸੀ ਐੱਸ ਅਫ਼ਸਰ ਨੂੰ ਸੂਬੇ ਦੇ ਇਸ ਸਭ ਤੋਂ ਵੱਡੇ ਨਿਗਮ ਦਾ ਮੁਖੀ ਥਾਪਿਆ ਗਿਆ ਹੈ।
ਜਾਣਕਾਰਾਂ ਅਨੁਸਾਰ ਇਸ ਨਿਯੁਕਤੀ ਪਿੱਛੇ ਕਰੋੜਾਂ ਰੁਪਏ ਦੇ ਵਿਵਾਦਤ ਤਜਵੀਜ਼ਾਂ ’ਤੇ ਕਮਿਸ਼ਨਰ ਵੱਲੋਂ ਜਤਾਏ ਗਏ ਕਾਨੂੰਨੀ ਇਤਰਾਜ਼ ਅਤੇ ਸੱਤਾਧਾਰੀ ਆਗੂਆਂ ਨਾਲ ਵਧੀ ਤਲਖ਼ੀ ਮੁੱਖ ਕਾਰਨ ਬਣੀ ਹੈ। ਵਿਰੋਧੀ ਧਿਰ (ਕਾਂਗਰਸ ਅਤੇ ਭਾਜਪਾ) ਦੇ ਲਗਪਗ 45 ਕੌਂਸਲਰਾਂ ਨੇ ਲਿਖਤੀ ਇਤਰਾਜ਼ ਦਰਜ ਕਰਵਾ ਕੇ ਇਨ੍ਹਾਂ ਮਤਿਆਂ ਨੂੰ ਪੈਂਡਿੰਗ ਰੱਖਣ ਦੀ ਮੰਗ ਕੀਤੀ ਸੀ। ਨਿਯਮਾਂ ਦੀ ਪਾਲਣਾ ਕਰਵਾਉਣ ’ਤੇ ਅੜੇ ਕਮਿਸ਼ਨਰ ਓਜਸਵੀ ਅਲੰਕਾਰ ਨੇ ਵਿਰੋਧੀ ਧਿਰ ਦੇ ਇਤਰਾਜ਼ਾਂ ਨੂੰ ਔਨ-ਰਿਕਾਰਡ ਦਰਜ ਕਰ ਲਿਆ ਸੀ, ਪਰ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਵਿਰੋਧ ਨੂੰ ਦਰਕਿਨਾਰ ਕਰਦਿਆਂ ਬਹੁਮਤ ਦੇ ਜ਼ੋਰ ’ਤੇ ਸਾਰੇ ਮਤੇ ਪਾਸ ਐਲਾਨ ਦਿੱਤੇ।
ਇਸ ਦੌਰਾਨ ਨਗਰ ਨਿਗਮ ਵਿੱਚ ਕਮਿਸ਼ਨਰਾਂ ਦੇ ਲਗਾਤਾਰ ਹੋ ਰਹੇ ਤਬਾਦਲਿਆਂ ਸਬੰਧੀ ਸਿਆਸਤ ਭਖ਼ ਗਈ ਹੈ। ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਅਤੇ ਸਾਬਕਾ ਕੌਂਸਲਰ ਮਮਤਾ ਆਸ਼ੂ ਨੇ ਪੋਸਟਰ ਜਾਰੀ ਕਰਦਿਆਂ ਸਵਾਲ ਕੀਤਾ ਕਿ ਮਹਿਜ਼ ਦਸ ਮਹੀਨਿਆਂ ਦੇ ਸਮੇਂ ਦੌਰਾਨ ਤਿੰਨ ਕਮਿਸ਼ਨਰ ਕਿਉਂ ਬਦਲੇ ਗਏ ਹਨ? ਉਨ੍ਹਾਂ ਮਕੈਨੀਕਲ ਸਵੀਪਿੰਗ ਅਤੇ ਹੋਰ ਵੱਡੇ ਵਿਕਾਸ ਪ੍ਰਾਜੈਕਟਾਂ ਵਿੱਚ ਪਾਰਦਰਸ਼ਤਾ ਦੀ ਮੰਗ ਕਰਦਿਆਂ ਕਿਹਾ ਕਿ ਵਾਰ-ਵਾਰ ਪ੍ਰਸ਼ਾਸਨਿਕ ਫੇਰਬਦਲ ਨਾਲ ਸ਼ਹਿਰ ਦੇ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਤਬਾਦਲਿਆਂ ਦੇ ਅਸਲ ਕਾਰਨ ਸਪੱਸ਼ਟ ਕਰਨੇ ਚਾਹੀਦੇ ਹਨ।

