ਸਤਵਿੰਦਰ ਬਸਰਾ
ਲੁਧਿਆਣਾ, 11 ਅਪਰੈਲ
ਇੱਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਬੀਤੇ ਦਿਨ ਫ਼ੌਤ ਹੋਏ ਪੰਜਾਬੀ ਅਦਾਕਾਰ ਸਤੀਸ਼ ਕੌਲ (76) ਦਾ ਅੱਜ ਸਥਾਨਕ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। 300 ਤੋਂ ਵੱਧ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਅਹਿਮ ਭੂਮਿਕਾਵਾਂ ਨਿਭਾਅ ਚੁੱਕੇ ਕੌਲ ਦੇ ਸਸਕਾਰ ਮੌਕੇ ਉਨ੍ਹਾਂ ਦੀ ਭੈਣ ਸੱਤਿਆ ਦੇਵੀ ਸਮੇਤ ਉਨ੍ਹਾਂ ਦੇ ਪ੍ਰਸ਼ੰਸਕ ਹਾਜ਼ਰ ਸਨ। ਇਸ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੀਐੱਮਆਈਡੀਬੀ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਕੌਲ ਨੂੰ ਸ਼ਰਧਾਂਜਲੀ ਭੇਟ ਕੀਤੀ। ਕਰੋਨਾ ਦੀ ਭੇਟ ਚੜ੍ਹੇ ਪੰਜਾਬੀ ਫਿਲਮਾਂ ਦੇ ਨਾਇਕ ਸਤੀਸ਼ ਕੌਲ ਨੇ 300 ਤੋਂ ਵੱਧ ਹਿੰਦੀ, ਪੰਜਾਬੀ ਫਿਲਮਾਂ ਤੋਂ ਇਲਾਵਾ ‘ਮਹਾਭਾਰਤ’ ’ਚ ਇੰਦਰਦੇਵ, ‘ਬਿਕਰਮ ਬੇਤਾਲ’ ਅਤੇ ‘ਆਂਟੀ ਨੰਬਰ-1’ ਵਿੱਚ ਅਹਿਮ ਰੋਲ ਅਦਾ ਕੀਤੇ। ‘ਲਾਈਫ ਟਾਈਮ ਅਚੀਵਮੈਂਟ’ ਸਮੇਤ ਹੋਰ ਐਵਾਰਡ ਪ੍ਰਾਪਤ ਕਰ ਚੁੱਕੇ ਕੌਲ ਦੀ ਐਕਟਿੰਗ ਅਕੈਡਮੀ ਫੇਲ੍ਹ ਹੋਣ ਤੋਂ ਬਾਅਦ ਉਸ ਨੂੰ ਆਪਣਾ ਘਰ ਤਕ ਵੀ ਵੇਚਣਾ ਪਿਆ ਸੀ।