ਕੌਮੀ ਮੱਛੀ ਪਾਲਕ ਦਿਵਸ ਤਹਿਤ ਹੋਣਗੀਆਂ ਗਤੀਵਿਧੀਆਂ
ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਜੁਲਾਈ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਫ਼ਿਸ਼ਰੀਜ਼ ਵਿਭਾਗ ਦੀ ਡੀਨ ਡਾ. ਮੀਰਾ ਡੀ ਆਂਸਲ ਨੇ ਅੱਜ ਇਥੇ ਕਿਹਾ ਕਿ ਮੱਛੀ ਪਾਲਣ ਬੜੀ ਤੇਜ਼ੀ ਨਾਲ ਵੱਧ ਰਿਹਾ ਖੇਤਰ ਹੈ, ਜਿਸ ਦੀ ਮੱਛੀ ਪਾਲਕਾਂ ਦੇ ਯੋਗਦਾਨ ਤੋਂ ਬਿਨਾਂ ਕਲਪਨਾ ਨਹੀਂ ਸੀ ਕੀਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਨੂੰ ਇਕ ਉਭਰਦਾ ਕਿੱਤਾ ਬਣਾਉਣ ਲਈ, ਕਿਸਾਨਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਵਾਸਤੇ 2001 ਨੂੰ 10 ਜੁਲਾਈ ਵਾਲਾ ਦਿਨ ਰਾਸ਼ਟਰੀ ਮੱਛੀ ਪਾਲਕ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਕੌਮੀ ਮੱਛੀ ਪਾਲਕ ਦਿਵਸ ਹਰ ਸਾਲ ਭਾਰਤ ਵਿੱਚ ਦੋ ਵਿਗਿਆਨੀਆਂ ਡਾ. ਹੀਰਾ ਲਾਲ ਚੌਧਰੀ ਅਤੇ ਡਾ. ਐਚ ਕੇ ਅਲੀਕੁੰਹੀਂ ਵੱਲੋਂ ਮੱਛੀਆਂ ਦੇ ਸਫ਼ਲ ਵਿਗਿਆਨਕ ਪ੍ਰਜਣਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਵਿਕਾਸ ਨੇ ਜਲ ਪਾਲਣ ਵਿੱਚ ਇਕ ਕ੍ਰਾਂਤੀ ਲਿਆਂਦੀ ਜਿਸ ਨਾਲ ਭਾਰਤ ਵਿੱਚ ਨੀਲੀ ਕ੍ਰਾਂਤੀ ਸੰਭਵ ਹੋਈ।
ਡਾ. ਮੀਰਾ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਸੱਤ ਤੋਂ 11 ਜੁਲਾਈ ਤੱਕ ਅਜਿਹੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂ ਜਿਨ੍ਹਾਂ ਰਾਹੀਂ ਮੱਛੀ ਪਾਲਕਾਂ ਦੀ ਭੂਮਿਕਾ ਨੂੰ ਯਾਦ ਕੀਤਾ ਜਾਵੇਗਾ। ਇਨ੍ਹਾਂ ਗਤੀਵਿਧੀਆਂ ਵਿੱਚ ਮੱਛੀ ਪਾਲਕਾਂ ਦੇ ਫਾਰਮਾਂ ਦਾ ਦੌਰਾ, ਕਿਸਾਨਾਂ ਦਾ ਸਨਮਾਨ, ਵਿਚਾਰ-ਵਟਾਂਦਰਾ ਸੈਸ਼ਨ ਅਤੇ ਸਥਾਨਕ ਲੋਕਾਂ ਵਿੱਚ ਮੱਛੀ ਉਤਪਾਦਾਂ ਦੀ ਖ਼ਪਤ ਨੂੰ ਉਤਸ਼ਾਹਿਤ ਕਰਨ ਲਈ ਮੁਹਿੰਮ ਸ਼ਾਮਲ ਹੈ।
ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਆਲਮੀ ਪੱਧਰ ’ਤੇ ਭੋਜਨ ਸੁਰੱਖਿਆ ਵਿੱਚ ਯੋਗਦਾਨ ਪਾਉਣ ਲਈ ਮੱਛੀ ਪਾਲਕਾਂ ਦੇ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਵਿਸ਼ਵ ਪੱਧਰ ’ਤੇ 3.2 ਬਿਲੀਅਨ ਲੋਕਾਂ ਨੂੰ ਪ੍ਰਤੀ ਵਿਅਕਤੀ ਜੋ ਜੀਵ ਪ੍ਰੋਟੀਨ ਦੀ ਪੂਰਤੀ ਹੁੰਦੀ ਹੈ ਉਸ ਦਾ 20 ਫ਼ੀਸਦ ਜਲਜੀਵ ਭੋਜਨ ਤੋਂ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੱਛੀ ਪਾਲਕਾਂ ਦਾ ਇਨ੍ਹਾਂ ਗਤੀਵਿਧੀਆਂ ਰਾਹੀਂ ਸਨਮਾਨ ਕਰਦਿਆਂ ਅਸੀਂ ਉਨ੍ਹਾਂ ਦੇ ਯਤਨਾਂ ਨੂੰ ਹੋਰ ਅੱਗੇ ਲਿਜਾਵਾਂਗੇ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਤਾਜ਼ੇ ਪਾਣੀ ਅਤੇ ਖਾਰੇ ਪਾਣੀ ਵਾਲੇ ਖੇਤਰਾਂ ਵਿੱਚ ਜਲਜੀਵ ਪਾਲਣ ਲਈ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਪਾਣੀ ਦੀ ਘਾਟ ਵਾਲੇ ਖੇਤਰਾਂ ਅਤੇ ਗ਼ੈਰ-ਉਪਜਾਊ ਜ਼ਮੀਨਾਂ ਲਈ ਵੱਖੋ-ਵੱਖਰੀਆਂ ਜਲਜੀਵ ਪਾਲਣ ਤਕਨਾਲੋਜੀਆਂ ਯੂਨੀਵਰਸਿਟੀ ਨੇ ਵਿਕਸਿਤ ਕੀਤੀਆਂ ਹੋਈਆਂ ਹਨ ਜਿਨ੍ਹਾਂ ਦਾ ਕਿਸਾਨ ਭਰਪੂਰ ਲਾਭ ਲੈ ਰਹੇ ਹਨ।