ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਸਤੰਬਰ
ਲੁਧਿਆਣਾ ਉੱਤਰੀ ਦੇ ਇੱਕ ਸਹਾਇਕ ਪੁਲੀਸ ਕਮਿਸ਼ਨਰ (ਏਸੀਪੀ) ਵੱਲੋਂ ਇੱਥੇ ਇੱਕ ਦੁਕਾਨਦਾਰ ਨੂੰ ਕੁੱਟਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ। ਇਹ ਘਟਨਾ ਵੀਰਵਾਰ ਰਾਤ ਨੂੰ ਸਲੇਮ ਟਾਬਰੀ ਨੇੜੇ ਜੀਟੀ ਰੋਡ ’ਤੇ ਸ਼ਗਨ ਬੀਕਾਨੇਰ ਸਵੀਟਸ ਬਾਹਰ ਵਾਪਰੀ ਜਿਸ ਵਿਚ ਏਸੀਪੀ ਮਨਿੰਦਰ ਬੇਦੀ ਦੁਕਾਨਦਾਰ ਨੂੰ ਡੰਡੇ ਨਾਲ ਕੁੱਟਦਾ ਦਿਖਾਈ ਦੇ ਰਿਹਾ ਹੈ ਜਦਕਿ ਦੋ ਹੋਰ ਪੁਲੀਸ ਵਾਲੇ ਵੀ ਉਸ ਦੇ ਨੇੜੇ ਖਲੋਤੇ ਹਨ। ਇਸ ਤੋਂ ਪਹਿਲਾਂ ਏਸੀਪੀ ਆਪਣੀ ਸਰਕਾਰੀ ਗੱਡੀ ਵਿਚ ਆਇਆ ਅਤੇ ਦੁਕਾਨਦਾਰ ਨਾਲ ਬਹਿਸ ਸ਼ੁਰੂ ਕਰ ਦਿੱਤੀ। ਕੁਝ ਹੀ ਦੇਰ ਵਿੱਚ ਏਸੀਪੀ ਗੁੱਸੇ ਵਿੱਚ ਆ ਗਿਆ ਅਤੇ ਦੁਕਾਨਦਾਰ ਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਬਾਅਦ ’ਚ ਉਸ ਨੇ ਡੰਡਾ ਸੜਕ ’ਤੇ ਸੁੱਟ ਦਿੱਤਾ ਅਤੇ ਕਾਲਰ ਤੋਂ ਘੜੀਸ ਕੇ ਦੁਕਾਨਦਾਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਦੁਕਾਨ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਹਾਲਾਂਕਿ ਦੁਕਾਨਦਾਰ ਨੇ ਏਸੀਪੀ ਖ਼ਿਲਾਫ਼ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ। ਉਸ ਨੇ ਕਥਿਤ ਤੌਰ ’ਤੇ ਇਸ ਘਟਨਾ ਬਾਰੇ ਹਲਕਾ ਵਿਧਾਇਕ ਮਦਨ ਲਾਲ ਬੱਗਾ ਨੂੰ ਜਾਣੂ ਕਰਵਾਇਆ ਸੀ। ਸੂਤਰਾਂ ਨੇ ਦੱਸਿਆ ਕਿ ਵਿਧਾਇਕ ਦੇ ਦਖਲ ਮਗਰੋਂ ਏਸੀਪੀ ਅਤੇ ਦੁਕਾਨਦਾਰ ਵਿੱਚ ਸਮਝੌਤਾ ਹੋ ਗਿਆ।