ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਅਪਰੈਲ
ਐਂਟੀ ਨਾਰਕੋਟਿਕ ਸੈੱਲ ਦੀ ਪੁਲੀਸ ਨੇ ਇਕ ਵਿਅਕਤੀ ਨੂੰ ਲੱਖਾਂ ਰੁਪਏ ਦੇ ਮੁੱਲ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐਂਟੀ ਨਾਰਕੋਟਿਕ ਸੈੱਲ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਏਐੱਸਆਈ ਸਤਨਾਮ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਗੁਪਤਾ ਚੌਕ ਨੇੜੇ ਅੰਜਲੀ ਟਾਵਰ ਬਾਗ ਸੂਫ਼ੀਆ ਚੌਕ ਕੋਲ ਨਾਕਾਬੰਦੀ ਦੌਰਾਨ ਇਕ ਆਟੋ ਰਿਕਸ਼ਾ ਪੀਬੀ 10 ਐੱਚਜੇ 6880 ਨੂੰ ਰੋਕ ਕੇ ਜਦੋਂ ਇਸ ਦੇ ਚਾਲਕ ਅੰਗਰੇਜ਼ ਸਿੰਘ ਵਾਸੀ ਮੁਹੱਲਾ ਚਰਨ ਨਗਰ ਟਿੱਬਾ ਰੋਡ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿੱਚੋਂ 100 ਗਰਾਮ ਹੈਰੋਇਨ ਬਰਾਮਦ ਹੋਈ।
ਇੰਸਪੈਕਟਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ ਦੋ ਦੇ ਘੇਰੇ ਵਿੱਚ ਪੈਂਦੀ ਜਨਕਪੁਰੀ ਚੌਕੀ ਵਿੱਚ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਏਐੱਸਆਈ ਰਾਜਵੰਤ ਸਿੰਘ ਵੱਲੋਂ ਮੁਲਜ਼ਮ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅੱਜ ਕੱਲ੍ਹ ਕੰਮਕਾਜ ਘੱਟ ਹੋਣ ਕਾਰਨ ਉਹ ਨਸ਼ਾ ਵੇਚਣ ਲੱਗ ਪਿਆ ਸੀ। ਹੈਰੋਇਨ ਦੀ ਇਹ ਖੇਪ ਉਹ ਚੌਗਾਵਾਂ (ਅੰਮ੍ਰਿਤਸਰ) ਦੇ ਇੱਕ ਵਿਅਕਤੀ ਤੋਂ ਲੈ ਕੇ ਆਇਆ ਸੀ ਅਤੇ ਉਸ ਨੇ ਇਹ ਅੱਗੋਂ ਗਾਹਕਾਂ ਨੂੰ ਵੇਚਣੀ ਸੀ, ਪਰ ਪਹਿਲਾਂ ਹੀ ਗ੍ਰਿਫ਼ਤਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਉਸ ਤੋਂ ਹੋਰ ਪੁੱਛ-ਗਿੱਛ ਕਰ ਰਹੀ ਹੈ।