ਜਮਹੂਰੀ ਕਿਸਾਨ ਸਭਾ ਪੰਜਾਬ ਦੇ ਵਫ਼ਦ ਨੇ ਪਿਛਲੇ ਦਿਨੀਂ ਪਿੰਡ ਲਹਿਰਾ ਕੋਲ ਨੌਜਵਾਨ ਹਰਮਨਦੀਪ ਸਿੰਘ ਵਾਸੀ ਪਿੰਡ ਘੁੰਗਰਾਣਾ ਦੀ ਹੋਈ ਮੌਤ ਲਈ ਜ਼ਿੰਮੇਵਾਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਥਾਣਾ ਡੇਹਲੋਂ ਵਿੱਚ ਕੇਸ ਦੇ ਇੰਚਾਰਜ ਏ ਐੱਸ ਆਈ ਨਵੀਨ ਕੁਮਾਰ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਮੰਗ ਕੀਤੀ ਕਿ ਪਰਚੇ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।
ਹਰਮਨਦੀਪ ਸਿੰਘ ਦੇ ਪਿਤਾ ਹਾਕਮ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਮੌਤ ਲਈ ਜ਼ਿੰਮੇਵਾਰ ਮੁਲਜ਼ਮ ਆਸੂ ਸਿੰਘ ਅਤੇ ਸਾਜਨ ਸਿੰਘ ਵਾਸੀ ਪਿੰਡ ਘੁੰਗਰਾਣਾ ਖ਼ਿਲਾਫ਼ ਕੇਸ ਦਰਜ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਆਖਿਆ ਕਿ ਨੌਜਵਾਨ ਦੀ ਮੌਤ ਨੂੰ ਇੱਕ ਮਹੀਨਾ ਹੋ ਗਿਆ ਹੈ ਪਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਇਥੋਂ ਤੱਕ ਮੁਲਜ਼ਮਾਂ ਨੇ ਹਰਮਨਦੀਪ ਸਿੰਘ ਦੇ ਬੈਂਕ ਖਾਤੇ ਦੀ ਦੁਰਵਰਤੋਂ ਵੀ ਕੀਤੀ ਹੈ, ਜੋ ਬੈਂਕ ਰਿਕਾਰਡ ਵਿੱਚ ਦਰਜ ਹੈ ਪਰ ਪੁਲੀਸ ਨੇ ਇਸ ਦੀ ਛਾਣਬੀਣ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੇ ਜਲਦੀ ਕੋਈ ਕਾਰਵਾਈ ਨਾ ਕੀਤੀ ਤਾਂ ਜਥੇਬੰਦੀ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।
ਇੰਚਾਰਜ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਅਜੇ ਫ਼ਰਾਰ ਹਨ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਵੀ ਬੰਦ ਹਨ। ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮੌਕੇ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਦਫ਼ਤਰ ਸਕੱਤਰ ਨਛੱਤਰ ਸਿੰਘ, ਕਰਮਨਦੀਪ ਸਿੰਘ, ਪੰਚ ਸੁਖਜਿੰਦਰ ਸਿੰਘ, ਬੇਅੰਤ ਸਿੰਘ, ਜਗਤਾਰ ਸਿੰਘ, ਜੰਗ ਬਹਾਦਰ ਸਿੰਘ, ਬਲਰਾਜ ਸਿੰਘ, ਅਮਰਜੀਤ ਸਿੰਘ ਅਤੇ ਭਿੰਦਰਜੀਤ ਸਿੰਘ ਹਾਜ਼ਰ ਸਨ।

