ਖੁੱਲ੍ਹੇ ਮੈਨਹੋਲ ਕਾਰਨ ਹਾਦਸਾ
ਇੱਥੇ ਦੇ ਮੇਹਰਬਾਨ ਇਲਾਕੇ ਦੀਆਂ ਸੜਕਾਂ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਸੀਵਰੇਜ ਜਾਮ ਬੰਦ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਅਤੇ ਪਾਣੀ ਸੜਕਾਂ ’ਤੇ ਭਰਿਆ ਹੋਇਆ ਹੈ। ਸੋਮਵਾਰ ਸਵੇਰੇ ਧਾਗੇ ਨਾਲ ਭਰੇ ਛੋਟੇ ਟੈਂਪੂ ਦਾ...
ਇੱਥੇ ਦੇ ਮੇਹਰਬਾਨ ਇਲਾਕੇ ਦੀਆਂ ਸੜਕਾਂ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਸੀਵਰੇਜ ਜਾਮ ਬੰਦ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਅਤੇ ਪਾਣੀ ਸੜਕਾਂ ’ਤੇ ਭਰਿਆ ਹੋਇਆ ਹੈ। ਸੋਮਵਾਰ ਸਵੇਰੇ ਧਾਗੇ ਨਾਲ ਭਰੇ ਛੋਟੇ ਟੈਂਪੂ ਦਾ ਟਾਇਰ ਮੈਨਹੋਲ ਵਿੱਚ ਡਿੱਗ ਗਿਆ ਪਰ ਟੈਂਪੂ ਪਲਟਣ ਤੋਂ ਵਾਲ-ਵਾਲ ਬਚ ਗਿਆ। ਮੈਨਹੋਲ ਵਿੱਚ ਟਾਇਰ ਫਸਣ ਕਾਰਨ ਵਾਹਨ ਦਾ ਕਾਫ਼ੀ ਨੁਕਸਾਨ ਹੋ ਗਿਆ। ਕਿਸੇ ਤਰ੍ਹਾਂ ਲੋਕਾਂ ਨੇ ਟੈਂਪੂ ਨੂੰ ਬਾਹਰ ਕੱਢਿਆ ਅਤੇ ਪੁਲੀਸ ਨੂੰ ਸੂਚਿਤ ਕੀਤਾ। ਡਰਾਈਵਰ ਸੰਤੋਸ਼ ਜਗੀਰਪੁਰ ਤੋਂ ਬਾਜਰਾ ਜਾ ਰਿਹਾ ਸੀ। ਸੜਕ ’ਤੇ ਪਾਣੀ ਭਰਨ ਕਾਰਨ ਉਸ ਨੂੰ ਮੈਨਹੋਲ ਦਿਖਾਈ ਨਹੀਂ ਦਿੱਤਾ ਜਿਸ ਕਾਰਨ ਇਹ ਹਾਦਸਾ ਹੋ ਗਿਆ।
ਡਰਾਈਵਰ ਸੰਤੋਸ਼ ਨੇ ਦੱਸਿਆ ਕਿ ਸੀਵਰੇਜ ਦਾ ਢੱਕਣ ਪਹਿਲਾਂ ਹੀ ਖੁੱਲ੍ਹਾ ਸੀ। ਮੀਂਹ ਅਤੇ ਓਵਰਫਲੋਅ ਕਾਰਨ ਸੜਕ ’ਤੇ ਪਾਣੀ ਇਕੱਠਾ ਹੋ ਗਿਆ ਸੀ, ਜਿਸ ਕਾਰਨ ਉਸ ਨੂੰ ਅੰਦਾਜ਼ਾ ਨਹੀਂ ਲੱਗਿਆ ਕਿ ਮੈਨਹੋਲ ਖੁੱਲ੍ਹਾ ਹੈ। ਮੌਕੇ ’ਤੇ ਮੌਜੂਦ ਨਗਰ ਨਿਗਮ ਦੇ ਨੰਬਰਦਾਰ ਆਨੰਦ ਨੇ ਦੱਸਿਆ ਕਿ ਇਲਾਕੇ ਵਿੱਚ ਪਾਈਪਲਾਈਨ ਦੇ ਕੰਮ ਲਈ ਸੀਵਰੇਜ ਦਾ ਢੱਕਣ ਅਸਥਾਈ ਤੌਰ ’ਤੇ ਖੋਲ੍ਹਿਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਜਨਤਕ ਸੁਰੱਖਿਆ ਲਈ ਸੀਵਰੇਜ ਦੇ ਕਿਨਾਰਿਆਂ ’ਤੇ ਬੈਰੀਕੇਡ ਲਗਾਏ ਸਨ। ਇਲਾਕੇ ਦੇ ਵਸਨੀਕਾਂ ਦਾ ਦਾਅਵਾ ਹੈ ਕਿ ਇਹ ਕੰਮ ਪਿਛਲੇ 10 ਤੋਂ 15 ਦਿਨਾਂ ਤੋਂ ਲਟਕਿਆ ਹੋਇਆ ਹੈ। ਉਨ੍ਹਾਂ ਅਨੁਸਾਰ ਇਸ ਕਾਰਨ ਅਕਸਰ ਸੜਕ ਗੰਦੇ ਪਾਣੀ ਨਾਲ ਭਰ ਜਾਂਦੀ ਹੈ, ਜਿਸ ਕਾਰਨ ਪੈਦਲ ਚੱਲਣ ਵਾਲਿਆਂ ਲਈ ਆਵਾਜਾਈ ਵਿੱਚ ਕਾਫ਼ੀ ਸਮੱਸਿਆ ਆਉਂਦੀ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਕੰਮ ਵਿੱਚ ਦੇਰੀ ਰੋਜ਼ਾਨਾ ਹਾਦਸੇ ਕਰਵਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸੀਵਰੇਜ ਨੂੰ ਸਮੇਂ ਸਿਰ ਸਹੀ ਢੰਗ ਨਾਲ ਢਕਿਆ ਜਾਂਦਾ ਤਾਂ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਸੀ।

