‘ਆਪ’ ਦਾ ਮਕਸਦ ਪਿੰਡਾਂ-ਸ਼ਹਿਰਾਂ ਨੂੰ ਤਰੱਕੀ ਦੀ ਲੀਹ ’ਤੇ ਤੋਰਨਾ: ਗਿਆਸਪੁਰਾ
ਵਿਧਾਇਕ ਵੱਲੋਂ ਅਭੈ ਸਿੰਘ ਬੈਂਸ ਤੇ ਬਬਲਜੀਤ ਕੌਰ ਦੇ ਹੱਕ ਵਿੱਚ ਪ੍ਰਚਾਰ
ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਜ਼ਿਲ੍ਹਾ ਪਰਿਸ਼ਦ ਦੇ ਕੱਦੋਂ ਜ਼ੋਨ ਤੋਂ ਉਮੀਦਵਾਰ ਅਭੈ ਸਿੰਘ ਬੈਂਸ ਅਤੇ ਅਜਨੌਦ ਜ਼ੋਨ ਤੋਂ ਬਲਾਕ ਸਮਿਤੀ ਦੀ ਉਮੀਦਵਾਰ ਬੀਬੀ ਬਬਲਜੀਤ ਕੌਰ ਦੇ ਹੱਕ ਵਿੱਚ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡ ਦੁੱਗਰੀ ਵਿੱਚ ਚੋਣ ਜਲਸੇ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦਾ ਮੁੱਖ ਮਕਸਦ ਪਿੰਡਾਂ-ਸ਼ਹਿਰਾਂ ਨੂੰ ਤਰੱਕੀ ਦੀਆਂ ਲੀਹਾਂ ’ਤੇ ਤੋਰਨਾ ਹੈ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਲਕੇ ਅੰਦਰ ਨਵੀਆਂ ਸੜਕਾਂ ਬਣਾਉਣ ਦਾ ਕੰਮ, ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਪਿੰਡਾਂ ਵਿੱਚ ਅਧੁਨਿਕ ਸਹੂਲਤਾਂ ਨਾਲ ਲੈਂਸ ਲਾਇਬ੍ਰੇਰੀਆਂ ਬਣਾਉਣਾ, ਖੇਡ ਮੈਦਾਨ, ਜਿੰਮ, ਗਲੀਆਂ- ਨਾਲੀਆਂ, ਇੰਟਰਲੌਕਿੰਗ ਟਾਇਲਾਂ ਅਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਜੋ ਵੀ ਵਾਅਦੇ ‘ਆਪ’ ਸਰਕਾਰ ਨੇ ਲੋਕਾਂ ਨਾਲ ਕੀਤੇ ਸਨ ਉਹ ਹਰ ਹੀਲੇ ਪੂਰੇ ਕਰਾਂਗੇ। ਉਨ੍ਹਾਂ ਕਿਹਾ ਕਿ ‘ਆਪ’ ਨੇ ਕੱਦੋਂ ਜ਼ੋਨ ਤੋਂ ਪੜ੍ਹੇ ਲਿਖੇ ਨੌਜਵਾਨ ਨੂੰ ਜ਼ਿਲ੍ਹਾ ਪਰਿਸ਼ਦ ਦਾ ਉਮੀਦਵਾਰ ਬਣਾਇਆ। ਕੱਦੋ ਜ਼ੋਨ ਤੋਂ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਅਭੈ ਸਿੰਘ ਬੈਂਸ ਨੇ ਕਿਹਾ ਕਿ ਪਿੰਡਾਂ-ਸ਼ਹਿਰਾਂ ਦਾ ਵਿਕਾਸ ਕਰਵਾਉਣ ਲਈ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਇਸ ਮੌਕੇ ਪ੍ਰਧਾਨ ਏ ਪੀ ਜੱਲਾ, ਸਾਬਕਾ ਚੇਅਰਮੈਨ ਬੂਟਾ ਸਿੰਘ ਰਾਣੋ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ।

