Samrala Protest: ਔਰਤ ਦੀ ਕੁੱਟਮਾਰ ਖ਼ਿਲਾਫ਼ ‘ਆਪ’ ਵੱਲੋਂ ਪ੍ਰਦਰਸ਼ਨ
ਇਸਤਰੀ ਵਿੰਗ ਦੀਆਂ ਕਾਰਕੁਨਾਂ ਨੇ ਐੱਸ ਡੀ ਐੱਮ ਦਫ਼ਤਰ ਅੱਗੇ ਧਰਨਾ ਦਿੱਤਾ
ਔਰਤ ਦੀ ਕੁੱਟਮਾਰ ਵਿਰੁੱਧ ਆਮ ਆਦਮੀ ਪਾਰਟੀ ਦੇ ਇਸਤਰੀ ਵਿੰਗ ਵੱਲੋਂ ਸਮਰਾਲਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਅਕਾਲੀ ਦਲ ਦੀ ਸਥਾਨਕ ਮਹਿਲਾ ਵਿੰਗ ਦੀਆਂ ਸਥਾਨਕ ਮੈਂਬਰਾਂ ਵੱਲੋਂ ਔਰਤ ਨਾਲ ਕਥਿਤ ਕੁੱਟਮਾਰ ਦੇ ਵਿਰੋਧ ਵਿੱਚ ਸਥਾਨਕ ਐੱਸ ਡੀ ਐੱਮ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਅਕਾਲੀ ਦਲ ਦੇ ਦਫ਼ਤਰ ਤੱਕ ਮਾਰਚ ਮਗਰੋਂ ਪੁਤਲਾ ਫੂਕਿਆ। ਇਸ ਮੌਕੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਕੌਂਸਲਰ ਅੰਮ੍ਰਿਤਾ ਪੁਰੀ ਨੇ ਦੋਸ਼ ਲਾਇਆ ਕਿ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਂ ਲੈਣ ’ਤੇ ਹੀ ਇਸ ਔਰਤ ਨਾਲ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਸੱਤਾ ਖੁੱਸਣ ਦੇ ਦਸ ਸਾਲ ਬਾਅਦ ਵੀ ਵਤੀਰਾ ਨਹੀਂ ਬਦਲਿਆ। ਆਗੂਆਂ ਨੇ ਮੰਗ ਕੀਤੀ ਕਿ ਔਰਤ ਦੀ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਕਾਨੂੰਨ ਕਾਰਵਾਈ ਕੀਤੀ ਜਾਵੇ।
ਇਸਤਰੀ ਅਕਾਲੀ ਦਲ ਨੇ ਦੋਸ਼ ਨਕਾਰੇ
ਇਸਤਰੀ ਅਕਾਲੀ ਦਲ ਦੀ ਸਰਕਲ ਪ੍ਰਧਾਨ ਪਰਮਜੀਤ ਕੌਰ ਕੰਗ ਨੇ ਪ੍ਰੈੱਸ ਕਾਨਫਰੰਸ ਕਰ ਕੇ ਕੁੱਟਮਾਰ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਖਾਲਸਾ ਮਾਰਚ ਦੇ ਸਵਾਗਤ ਲਈ ਇਕੱਤਰ ਹੋਈ ਸੰਗਤ ਵਿੱਚੋਂ ਇੱਕ ਬੀਬੀ ਦੀ ਚੂੜੀ ਉਤਾਰ ਲਈ ਗਈ ਸੀ ਅਤੇ ਚੇਨ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਚੂੜੀ ਲਾਉਣ ਵਾਲੀ ਔਰਤ ਨੂੰ ਕਾਬੂ ਕਰ ਕੇ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਸੀ ਅਤੇ ਪੁਲੀਸ ਨੇ ਉਸ ਤੋਂ ਪੀੜਤ ਔਰਤ ਨੂੰ ਚੂੜੀ ਦਾ ਮੁਆਵਜ਼ਾ ਦਿਵਾ ਦਿੱਤਾ ਸੀ। ਵਾਇਰਲ ਵੀਡੀਓ ਬਾਰੇ ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸਿਆਸੀ ਮਸਲਾ ਨਹੀਂ ਹੈ, ਸਗੋਂ ਉਨ੍ਹਾਂ ਦਾ ਮਕਸਦ ਸਿਰਫ਼ ਚੋਰੀ ਰੋਕਣਾ ਸੀ।

