DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਆਪ’ ਵਿਧਾਇਕ ਦਾ ਪੁੱਤ ਵਿੱਤ ਕਮੇਟੀ ਦੀ ਚੋਣ ਹਾਰਿਆ

‘ਆਪ’ ਕੌਂਸਲਰ ਯੁਵਰਾਜ ਸਿੱਧੂ ਤੇ ਕਾਂਗਰਸੀ ਕੌਂਸਲਰ ਗੌਰਵ ਭੱਟੀ ਮੈਂਬਰ ਬਣੇ

  • fb
  • twitter
  • whatsapp
  • whatsapp
featured-img featured-img
ਚੋਣ ਜਿੱਤਣ ਮਗਰੋਂ ਖੁਸ਼ੀ ਜ਼ਾਹਿਰ ਕਰਦੇ ਹੋਏ ‘ਆਪ’ ਕੌਂਸਲਰ ਯੁਵਰਾਜ ਸਿੰਘ ਸਿੱਧੂ ਅਤੇ ਹੋਰ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੀ ਸਭ ਤੋਂ ਪਾਵਰਫੁੱਲ ਕਮੇਟੀ ਫਾਇਨਾਂਸ ਐਂਡ ਕਾਂਟਰੈਕਟ ਕਮੇਟੀ (ਐਫ ਐਂਡ ਸੀ ਸੀ) ਦੀ ਚੋਣ ਵਿੱਚ ਅੱਜ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ। ਸਾਮ, ਦਾਮ, ਦੰਡ, ਭੇਦ ਅਪਣਾਉਣ ਦੇ ਬਾਵਜੂਦ ਵਿਧਾਇਕ ਮਦਨ ਲਾਲ ਬੱਗਾ ਦਾ ਪੁੱਤ ਕੌਂਸਲਰ ਅਮਨ ਬੱਗਾ ਚੋਣ ਹਾਰ ਗਏ। ਕਾਂਗਰਸੀ ਕੌਂਸਲਰ ਗੌਰਵ ਭੱਟੀ ਅਤੇ ‘ਆਪ’ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਪੁੱਤਰ ਕੌਂਸਲਰ ਯੁਵਰਾਜ ਸਿੰਘ ਸਿੱਧੂ ਚੋਣ ਜਿੱਤਣ ਵਿੱਚ ਸਫ਼ਲ ਰਹੇ।

ਹਾਲਾਂਕਿ ਬੱਗਾ ਦੇ ਪੁੱਤਰ ਅਮਨ ਬੱਗਾ ਨੂੰ ਜਿਤਾਉਣ ਲਈ ਨਗਰ ਨਿਗਮ ਪ੍ਰਸ਼ਾਸਨ ਨੇ ਵਾਰ-ਵਾਰ ਵੋਟਾਂ ਦੀ ਗਿਣਤੀ ਕਰਵਾਈ ਪਰ ਇਸ ਦੇ ਬਾਵਜੂਦ ਉਹ ਜਿੱਤ ਦਰਜ ਨਹੀਂ ਕਰ ਸਕੇ। ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ 72 ਘੰਟਿਆਂ ਵਿੱਚ ‘ਆਪ’ ਵੱਲੋਂ ਕਈ ਤਰ੍ਹਾਂ ਦੇ ਤਿਗੜਮ ਲੜਾਏ ਗਏ ਅਤੇ ਇੱਥੋਂ ਤੱਕ ਕਿ ਪਾਰਟੀ ਦੇ ਇੰਚਾਰਜ ਅਤੇ ਪੰਜਾਬ ਪ੍ਰਧਾਨ ਨੂੰ ਵੀ ਸ਼ਹਿਰ ਵਿੱਚ ਡੇਰੇ ਲਾਉਣੇ ਪਏ।

Advertisement

ਨਗਰ ਨਿਗਮ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਐੱਫ ਐਂਡ ਸੀ ਸੀ ਦੇ ਦੋ ਮੈਂਬਰਾਂ ਨੂੰ ਚੁਣਨ ਲਈ ਚੋਣਾਂ ਕਰਵਾਉਣੀਆਂ ਪਈਆਂ। ਇਹ ਚੋਣਾਂ ਨਗਰ ਨਿਗਮ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਕਰਵਾਈਆਂ ਗਈਆਂ ਸਨ।

Advertisement

ਵਿਰੋਧੀ ਧਿਰ ਨੇ ਕਿਹਾ ਕਿ ਜਦੋਂ ਉਹ ਸਵੇਰੇ ਗੁਰੂ ਨਾਨਕ ਦੇਵ ਭਵਨ ਪਹੁੰਚੇ ਤਾਂ ਪੁਲੀਸ ਕਮਿਸ਼ਨਰ ਦੀ ਅਗਵਾਈ ਹੇਠ ਤਾਇਨਾਤ ਪੁਲੀਸ ਬਲ ਨੂੰ ਦੇਖ ਕੇ ਅਜਿਹਾ ਪ੍ਰਤੀਤ ਹੋ ਰਿਹਾ ਸੀ ਜਿਵੇਂ ਬਹੁਤ ਵੱਡੇ ਅਹੁਦੇ ਦੀ ਚੋਣ ਹੋ ਰਹੀ ਹੋਵੇ। ਗੁਰੂ ਨਾਨਕ ਦੇਵ ਭਵਨ ਵਿੱਚ ਸਵੇਰੇ 11 ਵਜੇ ਚੋਣਾਂ ਦਾ ਸਮਾਂ ਰੱਖਿਆ ਗਿਆ ਸੀ। ਸਾਰੇ ਕੌਂਸਲਰਾਂ ਦੇ ਮੋਬਾਈਲ ਫੋਨ ਬਾਹਰ ਰਖਵਾ ਲਏ ਗਏ ਸਨ ਅਤੇ ਮੀਡੀਆ ਦਾ ਦਾਖ਼ਲਾ ਵੀ ਬੰਦ ਕੀਤਾ ਹੋਇਆ ਸੀ। ਸਾਰੇ ਕੌਂਸਲਰ ਅਤੇ ਵਿਧਾਇਕ ਵੋਟਿੰਗ ਲਈ ਪਹੁੰਚੇ।

ਇਸ ਚੋਣ ਮੁਕਾਬਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਪੁੱਤਰ ਯੁਵਰਾਜ ਸਿੱਧੂ ਨੇ ਸਭ ਤੋਂ ਵੱਧ ਵੋਟਾਂ ਹਾਸਲ ਕਰ ਕੇ ਪਹਿਲੀ ਸੀਟ ’ਤੇ ਕਬਜ਼ਾ ਕੀਤਾ, ਜਦਕਿ ਕਾਂਗਰਸੀ ਕੌਂਸਲਰ ਗੌਰਵ ਭੱਟੀ ਦੂਜੇ ਸਥਾਨ ’ਤੇ ਰਹਿੰਦਿਆਂ ਜੇਤੂ ਕਰਾਰ ਦਿੱਤੇ ਗਏ। ਇਸ ਦੇ ਉਲਟ ਆਮ ਆਦਮੀ ਪਾਰਟੀ ਦੇ ਦੂਜੇ ਵਿਧਾਇਕ ਮਦਨ ਲਾਲ ਬੱਗਾ ਦੇ ਪੁੱਤਰ ਅਮਨ ਬੱਗਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਤੀਜੇ ਸਥਾਨ ’ਤੇ ਰਹੇ, ਜਦਕਿ ਭਾਜਪਾ ਉਮੀਦਵਾਰ ਰੁਚੀ ਗੁਲਾਟੀ ਚੌਥੇ ਸਥਾਨ ’ਤੇ ਰਹੀ।

ਵਿਧਾਇਕ ਬੱਗਾ ਦੇ ਪੁੱਤਰ ਦੀ ਹਾਰ ਤੋਂ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਪਾਰਟੀ ਦੇ ਅੰਦਰ ਹੀ ਕਰਾਸ ਵੋਟਿੰਗ ਹੋਈ ਹੈ। ਹਾਲਾਂਕਿ ‘ਆਪ’ ਨੂੰ ਪਹਿਲਾਂ ਹੀ ਕਰਾਸ ਵੋਟਿੰਗ ਦਾ ਖ਼ਦਸ਼ਾ ਸੀ, ਜਿਸ ਨੂੰ ਰੋਕਣ ਲਈ ਆਗੂਆਂ ਵੱਲੋਂ ਕਈ ਯੋਜਨਾਵਾਂ ਬਣਾਈਆਂ ਗਈਆਂ ਸਨ ਅਤੇ ਨਾਰਾਜ਼ ਕੌਂਸਲਰਾਂ ਨੂੰ ਮਨਾਇਆ ਵੀ ਗਿਆ ਸੀ, ਪਰ ਇਸ ਦਾ ਕੋਈ ਫ਼ਾਇਦਾ ਨਹੀਂ ਹੋਇਆ।

ਮੇਅਰ ਨੇ ਪਹਿਲੀ ਵੋਟ ਪਾ ਕੇ ਚੋਣ ਸ਼ੁਰੂ ਕਰਵਾਈ

ਇਸ ਪੂਰੀ ਚੋਣ ਪ੍ਰਕਿਰਿਆ ਦਾ ਸੰਚਾਲਨ ਮੇਅਰ ਇੰਦਰਜੀਤ ਕੌਰ ਵੱਲੋਂ ਚੋਣ ਅਧਿਕਾਰੀ ਵਜੋਂ ਕੀਤਾ ਗਿਆ, ਜਿਨ੍ਹਾਂ ਨੇ ਖ਼ੁਦ ਪਹਿਲੀ ਵੋਟ ਪਾਈ। ਬੈਲੇਟ ਪੇਪਰ ਰਾਹੀਂ ਸਵੇਰੇ 11 ਵਜੇ ਸ਼ੁਰੂ ਹੋਈ ਇਸ ਵੋਟਿੰਗ ਪ੍ਰਕਿਰਿਆ ਵਿੱਚ ਕੁੱਲ 94 ਕੌਂਸਲਰਾਂ ਅਤੇ 6 ਵਿਧਾਇਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਚੋਣ ਦੀ ਸ਼ੁਰੂਆਤ ਵਿੱਚ ਬੈਲੇਟ ਪੇਪਰਾਂ ’ਤੇ ਗਲਤ ਨਿਸ਼ਾਨ ਲਾਏ ਜਾਣ ਕਾਰਨ ਸੱਤ ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਸੁਰੱਖਿਆ ਵਿਵਸਥਾ ਅਤੇ ਪਾਰਦਰਸ਼ਤਾ ਬਣਾਏ ਰੱਖਣ ਦੇ ਉਦੇਸ਼ ਨਾਲ ਵੋਟਿੰਗ ਕੇਂਦਰ ਦੇ ਅੰਦਰ ਸਿਰਫ਼ ਕੌਂਸਲਰਾਂ ਅਤੇ ਵਿਧਾਇਕਾਂ ਨੂੰ ਹੀ ਜਾਣ ਦੀ ਇਜਾਜ਼ਤ ਦਿੱਤੀ ਗਈ।

ਪੁਲੀਸ ਕਮਿਸ਼ਨਰ ਸਣੇ 200 ਮੁਲਾਜ਼ਮ ਤਾਇਨਾਤ

ਗੁਰੂ ਨਾਨਕ ਦੇਵ ਭਵਨ ਦੇ ਆਸ-ਪਾਸ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਸਨ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਖ਼ੁਦ ਮੌਕੇ ’ਤੇ ਪਹੁੰਚੇ। ਪੁਲੀਸ ਕਮਿਸ਼ਨਰ ਅਤੇ ਡੀ ਸੀ ਪੀ ਹਰਪਾਲ ਸਿੰਘ ਗਰੇਵਾਲ ਸਣੇ ਦੋ ਸੌ ਦੇ ਕਰੀਬ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਹੱਥ ਵਿੱਚ ਸੁਰੱਖਿਆ ਦੀ ਜ਼ਿੰਮੇਵਾਰੀ ਸੀ। ਅਮਨ-ਅਮਾਨ ਨਾਲ ਵੋਟਿੰਗ ਕਰਵਾਉਣ ਲਈ ਸਾਰੇ ਅਧਿਕਾਰੀਆਂ ਅਤੇ ਜਵਾਨਾਂ ਦੀ ਡਿਊਟੀ ਲਾਈ ਗਈ ਸੀ।

Advertisement
×