ਸੀਨੀਅਰ ਕਾਂਗਰਸੀ ਆਗੂ ਤੇ ਕੁੱਲ ਹਿੰਦ ਕਿਸਾਨ ਸੈੱਲ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਸ਼ੇਰਪੁਰ ਕਲਾਂ ਵਿੱਚ ਰੱਖੀ ਮੀਟਿੰਗ ਦੌਰਾਨ ਸੂਬਾਈ ਪ੍ਰਧਾਨ ਕਿਰਨਜੀਤ ਸਿੰਘ ਸੰਧੂ ਮਿੱਠਾ ਨਾਲ ਮਿਲ ਕੇ ਨਿਯੁਕਤੀ ਪੱਤਰ ਵੰਡੇ। ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਹਰਿੰਦਰਪਾਲ ਸਿੰਘ ਢੀਂਡਸਾ, ਬਲਾਕ ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ ਤੇ ਬਲਾਕ ਦਿਹਾਤੀ ਪ੍ਰਧਾਨ ਨਵਦੀਪ ਗਰੇਵਾਲ ਦੀ ਹਾਜ਼ਰੀ ਵਿੱਚ ਇਲਾਕੇ ਦੇ ਦੋ ਆਗੂਆਂ ਦੇ ਪਾਰਟੀ ਲਈ ਕੀਤੇ ਕੰਮ-ਕਾਜ ਨੂੰ ਦੇਖਦਿਆਂ ਉਨ੍ਹਾਂ ਨੂੰ ਸੂਬਾਈ ਜਨਰਲ ਸਕੱਤਰ ਤੇ ਸੂਬਾਈ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਦਕਿ ਬਾਕੀ ਜ਼ਿਲ੍ਹਾ ਤੇ ਬਲਾਕ ਪੱਧਰ ’ਤੇ ਨਿਯੁਕਤੀਆਂ ਹੋਈਆਂ ਹਨ। ਐਲਾਨੇ ਅਹੁਦੇਦਾਰਾਂ ਵਿੱਚ ਗੁਰਜਿੰਦਰ ਸਿੰਘ ਬਿੱਟੂ ਮਾਣੂੰਕੇ ਨੂੰ ਪੰਜਾਬ ਦਾ ਜਨਰਲ ਸਕੱਤਰ ਜਦਕਿ ਸਰਬਜੀਤ ਸਿੰਘ ਖਹਿਰਾ ਨੂੰ ਕਿਸਾਨ ਸੈੱਲ ਦਾ ਸੂਬਾਈ ਮੀਤ ਪ੍ਰਧਾਨ ਬਣਾਇਆ ਗਿਆ ਹੈ। ਜਤਿੰਦਰਪਾਲ ਸਿੰਘ ਸਫੀਪੁਰਾ ਜ਼ਿਲ੍ਹਾ ਮੀਤ ਪ੍ਰਧਾਨ ਤੇ ਸਰਪੰਚ ਕੁਲਦੀਪ ਸਿੰਘ ਬੋਦਲਵਾਲਾ ਜ਼ਿਲ੍ਹਾ ਸਕੱਤਰ ਬਣਾਏ ਗਏ ਹਨ। ਇਨ੍ਹਾਂ ਤੋਂ ਇਲਾਵਾ ਸਵਰਨ ਸਿੰਘ ਰਾਮਗੜ੍ਹ ਭੁੱਲਰ ਜ਼ੋਨ ਗਾਲਿਬ ਕਲਾਂ ਪ੍ਰਧਾਨ, ਸਰਪੰਚ ਦਰਸ਼ਨ ਸਿੰਘ ਡਾਂਗੀਆਂ ਜ਼ੋਨ ਸਿੱਧਵਾਂ ਕਲਾਂ ਪ੍ਰਧਾਨ, ਜਸਦੇਵ ਸਿੰਘ ਕਾਉਂਕੇ ਜ਼ਿਲ੍ਹਾ ਸੈਕਟਰੀ, ਬਲਦੇਵ ਸਿੰਘ ਚਕਰ ਜ਼ੋਨ ਪ੍ਰਧਾਨ ਮਾਣੂੰਕੇ, ਅਮਰਦੀਪ ਸਿੰਘ ਪੱਤੀ ਮੁਲਤਾਨੀ ਜ਼ਿਲ੍ਹਾ ਸੈਕਟਰੀ, ਪਰਮਜੀਤ ਸਿੰਘ ਸ਼ੇਰਪੁਰ ਖੁਰਦ ਜ਼ਿਲ੍ਹਾ ਜਨਰਲ ਸਕੱਤਰ, ਸੁਖਚੈਨ ਸਿੰਘ ਧਾਲੀਵਾਲ ਬਲਾਕ ਪ੍ਰਧਾਨ ਜਗਰਾਉਂ, ਸ਼ਮਸ਼ੇਰ ਸਿੰਘ ਸ਼ੇਖਦੌਲਤ ਜ਼ਿਲ੍ਹਾ ਸੈਕਟਰੀ, ਅਮਰਜੀਤ ਸਿੰਘ ਗਾਲਿਬ ਖੁਰਦ ਜ਼ਿਲ੍ਹਾ ਮੀਤ ਪ੍ਰਧਾਨ, ਪਰਮਿੰਦਰ ਸਿੰਘ ਸਿੱਧਵਾਂ ਕਲਾਂ ਜ਼ਿਲ੍ਹਾ ਸੈਕਟਰੀ, ਸੁਖਦੇਵ ਸਿੰਘ ਬਿੱਲੂ ਗਿੱਦੜਵਿੰਡੀ ਸੈਕਟਰੀ ਅਤੇ ਕੁਲਦੀਪ ਸਿੰਘ ਕੋਠੇ ਸ਼ੇਰਜੰਗ ਜਨਰਲ ਸਕੱਤਰ ਨਿਯੁਤਕ ਕੀਤੇ ਗਏ ਹਨ।
ਇਕੱਠ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਥਿਤੀ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿਨੋਂ-ਦਿਨ ਮਜ਼ਬੂਤ ਹੋ ਰਹੀ ਹੈ। ‘ਆਪ’ ਛੱਡ ਕੇ ਗਏ ਸੱਤ ਰਾਜ ਸਭਾ ਮੈਂਬਰਾਂ ਨੂੰ ਗੱਦਾਰ ਦੱਸਣ ਅਤੇ ਪੰਜਾਬੀਆਂ ਨੂੰ ਬਦਲਾ ਲੈਣ ਲਈ ਕਹੇ ਜਾਣ ’ਤੇ ਪ੍ਰਤੀਕਰਮ ਦਿੰਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਗੱਦਾਰੀ ਤਾਂ ‘ਆਪ’ ਨੇ ਇਨ੍ਹਾਂ ਲੋਕਾਂ ਨੂੰ ਰਾਜ ਸਭਾ ਉਮੀਦਵਾਰ ਬਣਾ ਕੇ ਕੀਤੀ ਸੀ। ਇਨ੍ਹਾਂ ਨੂੰ ਚੁਣਿਆ ‘ਆਪ’ ਦੇ ਵਿਧਾਇਕਾਂ ਨੇ ਫੇਰ ਪੰਜਾਬੀਆਂ ਦਾ ਇਸ ਨਾਲ ਸਿੱਧਾ ਕੋਈ ਲੈਣਾ-ਦੇਣਾ ਹੀ ਨਹੀਂ ਹੈ।

