Power Cuts in Punjab: ‘ਆਪ’ ਸਰਕਾਰ ਦਾ ਬਿਜਲੀ ਮਾਡਲ ਬੇਨਕਾਬ
117 ਫ਼ੀਸਦੀ ਕੋਲਾ ਭੰਡਾਰ ਹੋਣ ਦੇ ਬਾਵਜੂਦ ਲੱਗੇ ਰਹੇ ਨੇ ਲੰਮੇ ਕੱਟ: ਅਨਿਲ ਸਰੀਨ
ਭਾਜਪਾ ਨੇ ਪੰਜਾਬ ਵਿੱਚ ਲੰਮੇ ਸਮੇਂ ਤੋਂ ਲੱਗ ਰਹੇ ਬਿਜਲੀ ਕੱਟਾਂ ਸਬੰਧੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਬਿਜਲੀ ਮਾਡਲ ਨੂੰ ਬੇਨਕਾਬ ਕੀਤਾ ਹੈ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਹੈ ਕਿ ਸਰਕਾਰ ਦੇ ਆਪਣੇ ਅੰਕੜਿਆਂ ਨੇ ਹੀ ਕੋਲੇ ਦੀ ਕਮੀ ਦੇ ਬਹਾਨੇ ਨੂੰ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 4 ਸਤੰਬਰ ਨੂੰ ਪੰਜਾਬ ਦੇ ਬਿਜਲੀ ਮੰਤਰੀ ਵੱਲੋਂ ਪੇਸ਼ ਅੰਕੜਿਆਂ ਅਨੁਸਾਰ ਕੋਲੇ ਦਾ ਭੰਡਾਰ ਸੂਬੇ ਦੀ ਆਮ ਲੋੜ ਦਾ ਲਗਪਗ 117 ਫ਼ੀਸਦੀ ਸੀ, ਇਸ ਦੇ ਬਾਵਜੂਦ ਪੰਜਾਬ ਦੇ ਲੋਕ ਰੋਜ਼ਾਨਾ ਛੇ ਤੋਂ ਅੱਠ ਘੰਟਿਆਂ ਤੱਕ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੇ ਹਨ। ਸਰੀਨ ਨੇ ਕਿਹਾ ਕਿ ਪੰਜਾਬ ਵਿੱਚ ਕੋਲੇ ਦੀ ਕੋਈ ਕਮੀ ਨਹੀਂ, ਸਗੋਂ ਬਿਜਲੀ ਉਤਪਾਦਨ ਅਤੇ ਪ੍ਰਬੰਧਨ ਦੀ ਨਾਕਾਮੀ ਹੈ। ਲੋੜੀਂਦਾ ਕੋਲਾ ਉਪਲੱਬਧ ਹੋਣ ਦੇ ਬਾਵਜੂਦ ਪੰਜ ਬਿਜਲੀ ਉਤਪਾਦਨ ਯੂਨਿਟ ਕਥਿਤ ਤੌਰ ’ਤੇ ਲਗਪਗ 20 ਦਿਨਾਂ ਤੋਂ ਬੰਦ ਹਨ, ਜਦਕਿ ਕਈ ਸਰਕਾਰੀ ਬਿਜਲੀ ਪਲਾਂਟ ਬਹੁਤ ਘੱਟ ਸਮਰੱਥਾ ’ਤੇ ਚੱਲ ਰਹੇ ਹਨ। ਉਨ੍ਹਾਂ ਦਿੱਤੇ ਅੰਕੜਿਆਂ ਵਿੱਚ ਦੱਸਿਆ ਹੈ ਕਿ ਰੋਪੜ ਥਰਮਲ ਪਲਾਂਟ ਸਿਰਫ਼ 36.4 ਫ਼ੀਸਦੀ ਲਹਿਰਾ ਮੁਹੱਬਤ 28.7 ਫ਼ੀਸਦੀ ਅਤੇ ਨਾਭਾ ਪਾਵਰ ਲਗਪਗ 50 ਫ਼ੀਸਦੀ ਸਮਰੱਥਾ ’ਤੇ ਚੱਲ ਰਹੇ ਸਨ। ਇਸ ਦੇ ਉਲਟ ਨਾਭਾ ਪਾਵਰ ਦਾ ਨਿੱਜੀ ਬਿਜਲੀ ਪਲਾਂਟ ਲਗਪਗ 93 ਫ਼ੀਸਦੀ ਸਮਰੱਥਾ ’ਤੇ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਕੋਲਾ ਸੰਕਟ ਨਹੀਂ ਹੈ। ਇਹ ਸਮਰੱਥਾ, ਪ੍ਰਬੰਧਨ ਅਤੇ ਸ਼ਾਸਨ ਦੀ ਨਾਕਾਮੀ ਹੈ। ਜਦੋਂ ਕੋਲੇ ਦਾ ਭੰਡਾਰ 117 ਫ਼ੀਸਦੀ ਹੈ ਅਤੇ ਫ਼ਿਰ ਵੀ ਲੋਕਾਂ ਨੂੰ ਅੱਠ ਘੰਟਿਆਂ ਤੱਕ ਬਿਜਲੀ ਨਹੀਂ ਮਿਲ ਰਹੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਹਰੇਕ ਪਲਾਂਟ ਦੇ ਬਿਜਲੀ ਉਤਪਾਦਨ, ਕੋਲੇ ਦੀ ਉਪਲੱਬਧਤਾ, ਸੰਚਾਲਨ ਸਥਿਤੀ ਅਤੇ ਲੰਮੇ ਸਮੇਂ ਤੋਂ ਬੰਦ ਯੂਨਿਟਾਂ ਦੇ ਕਾਰਨਾਂ ਦਾ ਪੂਰਾ ਵੇਰਵਾ ਜਨਤਕ ਕਰੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ, ਨਰਿੰਦਰ ਸਿੰਘ ਮੱਲ੍ਹੀ, ਯਸ਼ਪਾਲ ਜਨੋਤਰਾ, ਬੌਬੀ ਜਿੰਦਲ ਅਤੇ ਡਾ. ਸਤੀਸ਼ ਕੁਮਾਰ ਵੀ ਹਾਜ਼ਰ ਸਨ।

