‘ਆਪ’ ਨੇ ਮੋਦੀ ਸਰਕਾਰ ਦੇ ਪੁਤਲੇ ਫੂਕੇ

ਵੱਖ ਵੱਖ ਥਾਵਾਂ ’ਤੇ ‘ਆਪ’ ਵਰਕਰਾਂ ਵੱਲੋਂ ਖੇਤੀ ਬਿੱਲਾਂ ਦਾ ਵਿਰੋਧ; ਖੇਤੀ ਬਿੱਲਾਂ ਦੀਆਂ ਕਾਪੀਆਂ ਸਾੜੀਆਂ

‘ਆਪ’ ਨੇ ਮੋਦੀ ਸਰਕਾਰ ਦੇ ਪੁਤਲੇ ਫੂਕੇ

ਖੇਤੀ ਬਿੱਲਾਂ ਦੀਆਂ ਕਾਪੀਆਂ ਸਾੜਦੇ ਹੋਏ ਵਿਧਾਇਕ ਮਾਣੂੰਕੇ ਤੇ ‘ਆਪ’ ਵਰਕਰ।

ਚਰਨਜੀਤ ਸਿੰਘ ਢਿੱਲੋਂ

ਜਗਰਾਉਂ, 24 ਸਤੰਬਰ

ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠ ਕੇਂਦਰ ਸਰਕਾਰ ਖਿਲਾਫ਼ ਰੋਸ ਮਾਰਚ ਕਰਦਿਆਂ ਪਹਿਲਾਂ ਬਿੱਲਾਂ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਉਪਰੰਤ ਮੋਢਿਆਂ ’ਤੇ ਅਰਥੀ ਚੁੱਕ ਕੇ ਨਾਅਰੇਬਾਜ਼ੀ ਕਰਦਿਆਂ ਇੱਥੇ ਝਾਂਸੀ ਰਾਣੀ ਚੌਕ ’ਚ ਪੁਤਲਾ ਫੂੱਕਿਆ। ਹਲਕਾ ਵਿਧਾਇਕ ਨੇ ਉੱਚੀ ਸੁੱਰ ’ਚ ਕਿਸਾਨਾਂ ਦੇ ਹੱਕਾਂ ਲਈ ਲੜਨ ਅਤੇ ਡੱਟ ਕੇ ਖੜਨ ਦਾ ਐਲਾਨ ਕਰਦਿਆਂ ਬਿੱਲਾਂ ਦੀਆਂ ਕਾਪੀਆਂ ਨੂੰ ਅੱਗ ਲਗਾਈ।

ਖੰਨਾ (ਨਿੱਜੀ ਪੱਤਰ ਪ੍ਰੇਰਕ): ਖੇਤੀ ਬਿੱਲਾਂ ਖਿਲਾਫ਼ ਪੰਜਾਬ ਅਤੇ ਹੋਰ ਸੂਬਿਆਂ ’ਚ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਤਹਿਤ ਅੱਜ ਇਥੋਂ ਦੇ ਜਰਗ ਚੌਕ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਅਨਿਲ ਦੱਤ ਫੱਲੀ ਦੀ ਅਗਵਾਈ ਹੇਠਾਂ ਧਰਨਾ ਦਿੱਤਾ।  ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਹਰਭੁਪਿੰਦਰ ਸਿੰਘ ਧਰੌੜ ਨੇ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਬਿੱਲ ਪਾਸ ਕਰ ਕੇ ਕਿਸਾਨਾਂ ਨੂੰ ਬਰਬਾਦ ਕਰਨ ਦਾ ਜੋ ਰਾਹ ਅਖਤਿਆਰ ਕੀਤਾ ਹੈ, ਇਸ ਨੂੰ ਕਿਸਾਨ ਤੇ ਪੰਜਾਬ ਦਾ ਕੋਈ ਵੀ ਵਰਗ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। 

ਪਾਇਲ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਵੱਲੋਂ ਹਲਕਾ ਪਾਇਲ ਦੇ ਇੰਚਾਰਜ ਬਲਜਿੰਦਰ ਸਿੰਘ ਚੌਂਦਾ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਅਤੇ ਭਾਈਵਾਲ ਪਾਰਟੀ ਅਕਾਲੀ ਦਲ ਬਾਦਲ ਅਤੇ ਕੈਪਟਨ ਸਰਕਾਰ ਖਿਲਾਫ਼ ਪਾਇਲ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇੰਚਾਰਜ ਬਲਜਿੰਦਰ ਸਿੰਘ ਚੌਂਦਾ ਨੇ ਕਿਹਾ ਕਿ ਕਿਸਾਨ ਵਿਰੋਧੀ ਬਿੱਲ ਪਾਸ ਕਰਵਾਉਣ ਵਿੱਚ ਕੈਪਟਨ ਅਤੇ ਬਾਦਲ ਦੋਨੋਂ ਜ਼ਿੰਮੇਵਾਰ ਹਨ। 

ਕਿਸਾਨਾਂ ਨੇ ਰੇਲ ਲਾਈਨਾਂ ਰੋਕੀਆਂ

ਖੰਨਾ (ਨਿੱਜੀ ਪੱਤਰ ਪ੍ਰੇਰਕ): ਅੱਜ ਇਥੇ ਖੇਤੀ ਆਰਡੀਨੈਸਾਂ ਖਿਲਾਫ਼ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਤਿੰਨ ਦਿਨਾਂ ‘ਰੇਲ ਰੋਕੋ’ ਅੰਦੋਲਨ ਤਹਿਤ ਰੇਲਵੇ ਲਾਈਨਾਂ ’ਤੇ ਧਰਨਾ ਦਿੱਤਾ ਗਿਆ। ਇਸ ਮੌਕੇ ਹੋਏ ਇੱਕਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਸਵੰਤ ਸਿੰਘ ਬੀਜਾ, ਅੰਮ੍ਰਿਤਪਾਲ ਸਿੰਘ ਅਤੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਆਰਡੀਨੈਂਸ ਪਾਸ ਕਰ ਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਅਲੂਣਾ ਤੋਲਾ ’ਚ ਨੌਜਵਾਨਾਂ ਨੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ

ਪਾਇਲ (ਦੇਵਿੰਦਰ ਸਿੰਘ ਜੱਗੀ): ਪਿੰਡ ਅਲੂਣਾ ਤੋਲਾ ’ਚ ਦੇਰ ਰਾਤ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਪਾਸ ਕੀਤੇ ਆਰਡੀਨੈਂਸ ਨੂੰ ਲੈ ਕੇ ਕਿਸਾਨਾਂ, ਖਿਡਾਰੀਆਂ ਅਤੇ ਨੌਜਵਾਨਾਂ ਵੱਲੋਂ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਕਿਸਾਨ ਚਰਨਜੋਤ ਸਿੰਘ ਚੀਮਾ ਅਤੇ ਮਨਪ੍ਰੀਤ ਸਿੰਘ ਗੋਲਡੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋ ਗਿਆ ਅਤੇ ਤਿੰਨੇ ਬਿੱਲ ਪਾਸ ਕਰਨ ਨਾਲ ਕਿਸਾਨ, ਆੜਤੀਏ ਅਤੇ ਮਜ਼ਦੂਰ ਅਤੇ ਹੋਰ ਵਰਗ ਦੇ ਲੋਕ ਸੜਕਾਂ ਤੇ ਆਉਣ ਨਾਲ ਭੁੱਖਮਾਰੀ ਵੱਧ ਜਾਵੇਗੀ। 

ਖੇਤੀ ਬਿੱਲਾਂ ਦੀਆਂ ਕਾਪੀਆਂ ਸਾੜਦੇ ਹੋਏ ਕਾਂਗਰਸੀ ਆਗੂ।

ਕਾਂਗਰਸ ਵੱਲੋਂ ਟਰੈਕਟਰ ਰੋਸ ਮਾਰਚ

ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਖੇਤੀ ਬਿੱਲਾਂ ਅਤੇ ਬਿਜਲੀ ਐਕਟ-2020 ਨੂੰ ਮੁੱਢ ਤੋਂ ਰੱਦ ਕਰਵਾਉਣ ਲਈ ਕਾਂਗਰਸੀ ਆਗੂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਯੂਥ ਆਗੂ ਮਨੀ ਗਰਗ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਆਦਿ ਦੀ ਅਗਵਾਈ ਹੇਠ ਭਰਵੇਂ ਰੋਹ ਭਰਪੂਰ ਜਲਸੇ ਕੱਢੇ ਗਏ। ਬੇਟ ਇਲਾਕੇ ਦੇ ਖਰੀਦ ਕੇਂਦਰ ਲੋਦੀਵਾਲ ’ਚ ਬੇਟ ਇਲਾਕੇ ਦੇ ਪਿੰਡਾਂ ਤੋਂ ਆਪਣੇ ਟਰੈਕਟਰਾਂ ਰਾਹੀਂ ਪੁੱਜੇ ਸੈਂਕੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦਾਖਾ ਨੇ ਖੇਤੀ ਬਿੱਲਾਂ ਨੂੰ ਨਾਦਰਸ਼ਾਹੀ ਫੁਰਮਾਨ ਦਾ ਨਾਮ ਦਿੰਦੇ ਹੋਏ ਆਖਿਆ ਕਿ ਇਹ ਬਿੱਲ ਕਿਸਾਨਾਂ ਦੀ ਬਰਬਾਦੀ ਦਾ ਰਾਹ ਖੋਲੇਗਾ। ਇਨ੍ਹਾਂ ਨੂੰ ਬਿਨਾਂ ਦੇਰੀ ਕੇਂਦਰ ਨੂੰ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਜੇਕਰ ਦੇਸ਼ ਦਾ ਕਿਸਾਨ ਕਰੋੜਾਂ ਲੋਕਾਂ ਦੇ ਢਿੱਡ ਭਰਨ ਦੀ ਸਮਰੱਥਾ ਰੱਖਦਾ ਹੈ, ਉਹ ਆਪਣੇ ਹੱਕਾਂ ਦੀ ਲੜਾਈ ਵੀ ਨੰਗੇ ਧੜ੍ਹ ਲੜ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਦੋਹਰੇ ਕਿਰਦਾਰ ਦੀ ਗੱਲ ਕਰਦਿਆਂ ਦਾਖਾ ਨੇ ਆਖਿਆ ਕਿ ਦੇਸ਼ ਦੇ ਕਿਸਾਨ ਨੂੰ ਇਨ੍ਹਾਂ ਦੀਆਂ ਚਾਲਾਂ ਦੀ ਸਮਝ ਹੈ। ਅਕਾਲੀ ਹੁਣ ਤਾਂ ਸਿਰਫ ਆਪਣੀ ਲੋਕਾਂ ’ਚ ਗਵਾਚ ਚੁੱਕੀ ਸ਼ਾਖ ਨੂੰ ਬਚਾਉਣ ਲਈ ਹੱਥ ਪੈਰ ਮਾਰ ਰਹੇ ਹਨ। ਪਹਿਲਾਂ ਤੋਂ ਭਲੀ ਭਾਂਤ ਇਨ੍ਹਾਂ ਬਿੱਲਾ ਬਾਰੇ ਗਿਆਨ ਰੱਖਣ ਵਾਲੇ ਇਹ ਤਮਾਸ਼ਾ ਦੇਖਦੇ ਰਹੇ ਜਦੋਂ ਕਿਸਾਨ ਰੋਹ ਵੱਧ ਗਿਆ ਤਾਂ ਸੰਘਰਸ਼ ’ਚ ਦੱਬਵੇਂ ਪੈਰੀ ਵਿੱਚ ਰੱਲਣ ਲਈ ਤਰਲੋ ਮੱਛੀ ਹੋ ਰਹੇ ਹਨ। ਟਰੈਕਟਰ ਰੈਲੀ ਦੀ ਅਰੰਭਤਾ ਤੋਂ ਪਹਿਲਾਂ ਦਾਖਾ ਤੇ ਸਾਥੀਆਂ ਨੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All