ਆਮ ਆਦਮੀ ਪਾਰਟੀ ਹਰ ਫਰੰਟ ’ਤੇ ਫੇਲ੍ਹ ਸਾਬਤ: ਹਿੱਸੋਵਾਲ
ਸਾਬਕਾ ਵਿਧਾਇਕ ਨੇ ਜਗਰਾਉਂ ਤੋਂ 25 ਗੱਡੀਆਂ ਦਾ ਕਾਫਲਾ ਲੈ ਕੇ ਬਰਨਾਲਾ ਰੈਲੀ ਵਿੱਚ ਸ਼ਮੂਲੀਅਤ ਕੀਤੀ
ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ ਅੱਜ ਸਥਾਨਕ ਦਾਣਾ ਮੰਡੀ ਤੋਂ ਕਾਂਗਰਸੀ ਵਰਕਰਾਂ ਦਾ 25 ਬੱਸਾਂ ਵਾਲਾ ਇਕ ਵੱਡਾ ਕਾਫਲਾ ਲੈ ਕੇ ਬਰਨਾਲਾ ਰੈਲੀ ਲਈ ਰਵਾਨਾ ਹੋਏ। ਰਵਾਨਗੀ ਤੋਂ ਪਹਿਲਾਂ ਪਾਰਟੀ ਵਰਕਰਾਂ ਨਾਲ ਮੀਟਿੰਗ ਸਮੇਂ ਜੱਗਾ ਹਿੱਸੋਵਾਲ ਨੇ ਕਿਹਾ ਕਿ ਇਕ ਪਾਸੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ ਤਾਂ ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਲੋਕ ਵਿਰੋਧੀ ਕਾਨੂੰਨ ਤੇ ਬਿੱਲ ਲਿਆ ਕੇ ਲੋਕਾਂ ਦਾ ਜਿਊਦਾ ਦੁੱਭਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹੁਣ ਵੀ ਰੋਜ਼ਾਨਾ ਦੋ ਤੋਂ ਤਿੰਨ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਕਰ ਕੇ ਮੌਤ ਹੋ ਗਈ ਹੈ। ਇਹ ਮੌਤਾਂ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਮੁਹਿੰਮ ਦੇ ਦਾਅਵਿਆਂ ਦੀ ਫੂਕ ਕੱਢਣ ਲਈ ਕਾਫੀ ਹਨ। ਇਸੇ ਤਰ੍ਹਾਂ ਗੈਂਗਸਟਰਾਂ ਨੇ ਆਮ ਲੋਕਾਂ ਤੇ ਕਾਰੋਬਾਰੀਆਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਬਹੁਤ ਲੋਕ ਹਨ ਜਿਨ੍ਹਾਂ ਦੇ ਕਾਰੋਬਾਰ ਸਹੀ ਚੱਲ ਨਹੀਂ ਰਹੇ ਅਤੇ ਜਿਸ ਕਿਸੇ ਦਾ ਥੋੜ੍ਹਾ ਕੰਮ ਚੱਲਦਾ ਹੈ ਉਸਨੂੰ ਫਿਰੌਤੀ ਦੇ ਫੋਨ ਆ ਜਾਂਦ ਹਨ। ਸੂਬੇ ਦੀ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਕਰਕੇ ਹੀ ਲੋਕ ਇਥੋਂ ਹਿਜਰਤ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਮਗਨੇਗਰਾ ਖ਼ਿਲਾਫ਼ ਵੱਡੀ ਜਨਤਕ ਮੁਹਿੰਮ ਵਿੱਢੀ ਹੋਈ ਹੈ ਤੇ ਲੋਕਾਂ ਦਾ ਵੀ ਭਰਪੂਰ ਸਾਥ ਮਿਲ ਰਿਹਾ ਹੈ। ਸਾਬਕਾ ਵਿਧਾਇਕ ਨੇ ਕਿਹਾ ਕਿ ਲੋਕ ਇਕ ਵਾਰ ਬਦਲਾਅ ਦੇ ਭੁਲੇਖੇ ਤੇ ਚੁਟਕਲੇ ਸੁਣ ਕੇ ਮਗਰ ਲੱਗ ਗਏ ਜਦਕਿ ਅਗਲੀ ਵਾਰ ਝੂਠੇ ਇਨਕਲਾਬੀਆਂ ਨੂੰ ਵੋਟਰ ਮੂੰਹ ਨਹੀਂ ਲਾਉਣਗੇ। ਉਨ੍ਹਾਂ ਆਮ ਘਰਾਂ ਦੇ ਮੁੰਡੇ ਦੱਸ ਕੇ ਸੱਤਾ ਵਿੱਚ ਆਏ ਇਨ੍ਹਾਂ ਵਿਧਾਇਕਾਂ ਦੀਆਂ ਜਾਇਦਾਦਾਂ ਤੇ ਕਾਰੋਬਾਰਾਂ ਦੀ ਜਾਂਚ ਦੀ ਮੰਗ ਕੀਤੀ ਤਾਂ ਜੋ ਲੋਕਾਂ ਨੂੰ ਵੀ ਅਸਲੀਅਤ ਪਤਾ ਲੱਗ ਸਕੇ। ਇਸ ਸਮੇਂ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਦਿਹਾਤੀ ਪ੍ਰਧਾਨ ਨਵਦੀਪ ਗਰੇਵਾਲ ਤੋਂ ਇਲਾਵਾ ਕੁਲਵੰਤ ਸਿੰਘ ਡਾਂਗੀਆਂ, ਸਰਪੰਚ ਹਰਦੀਪ ਸਿੰਘ ਲਾਲੀ ਅਲੀਗੜ੍ਹ, ਸਰਪੰਚ ਸੁਖਵਿੰਦਰ ਸਿੰਘ ਗਗੜਾ, ਕੁਲਦੀਪ ਸਿੰਘ ਸਿੱਧਵਾਂ ਕਲਾਂ, ਪਰਮ ਸਿੰਘ ਰਸੂਲਪੁਰ, ਜਸਵੀਰ ਸਿੰਘ ਹਠੂਰ, ਰਵਿੰਦਰ ਦੇਹੜਕਾ, ਜਸਦੇਵ ਸਿੰਘ ਕਾਉਂਕੇ, ਸੁਖਦੇਵ ਸਿੰਘ ਗਿੱਦੜਵਿੰਡੀ, ਹਰਿੰਦਰਜੀਤ ਚਾਹਲ ਗਾਲਿਬ, ਸਰਬਜੀਤ ਸਿੰਘ ਸ਼ੇਰਪੁਰ ਕਲਾਂ, ਸੁਖਜੀਤ ਸਿੰਘ ਅਖਾੜਾ, ਸਵਰਨ ਸਿੰਘ ਭੁੱਲਰ, ਅਮਰਜੀਤ ਸਿੰਘ ਗਾਲਿਬ, ਉੱਤਮ ਸਿੰਘ, ਜਸਵੰਦਰ ਸਿੰਘ ਭੋਲਾ, ਜਗਜੀਤ ਸਿੰਘ ਤਿਹਾੜਾ ਆਦਿ ਮੌਜੂਦ ਸਨ।

