ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਅਗਸਤ
ਸ਼ਹਿਰ ’ਚ ਇੱਕ ਮਸ਼ਹੂਰ ਢਾਬੇ ਤੋਂ ਮੰਗਵਾਏ ਪੁਲਾਓ (ਬਰਿਆਨੀ) ’ਚੋਂ ਕੀੜਾ ਨਿਕਲਣ ਤੋਂ ਬਾਅਦ ਹੰਗਾਮਾ ਹੋ ਗਿਆ। ਪੁਲਾਓ ਖਾਂਦੇ ਹੀ ਦੋ ਜਣਿਆਂ ਦੀ ਸਿਹਤ ਵਿਗੜ ਗਈ ਅਤੇ ਉਹ ਉਲਟੀਆਂ ਕਰਨ ਲੱਗੇ। ਗਾਹਕ ਨੇ ਪੁਲਾਓ ਨੂੰ ਬਰੀਕੀ ਨਾਲ ਦੇਖਿਆ ਤਾਂ ਉਸ ’ਚੋਂ ਮਰਿਆ ਹੋਇਆ ਕੀੜਾ ਮਿਲਿਆ। ਪੁਲਾਓ ’ਚ ਕੀੜਾ ਦੇਖਦੇ ਹੀ ਗਾਹਕ ਨੇ ਇਸਦੀ ਸ਼ਿਕਾਇਤ ਢਾਬੇ ’ਤੇ ਪੁੱਜ ਕੇ ਕੀਤੀ, ਪਰ ਢਾਬਾ ਮਾਲਕ ਨੇ ਉਸਦੀ ਇੱਕ ਨਹੀਂ ਸੁਣੀ ਤੇ ਉਲਟਾ ਉਸ ’ਤੇ ਹੀ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ।
ਸੂਚਨਾ ਮਿਲਦਿਆਂ ਹੀ ਫੂਡ ਸੇਫ਼ਟੀ ਵਿਭਾਗ ਦੀ ਟੀਮ ਵੀ ਮੌਕੇ ’ਤੇ ਪੁੱਜ ਗਈ ਤੇ ਢਾਬੇ ਦੀ ਰਸੋਈ ’ਚੋਂ ਸੈਂਪਲ ਭਰ ਕੇ ਢਾਬੇ ਦਾ ਚਲਾਨ ਕਰ ਦਿੱਤਾ। ਗਾਹਕ ਅਸ਼ੋਕ ਕਪੂਰ ਨੇ ਦੱਸਿਆ ਕਿ ਉਨ੍ਹਾਂ ਲੰਚ ਟਾਈਮ ’ਚ ਘੰਟਾ ਘਰ ਚੌਕ ਦੇ ਇੱਕ ਢਾਬੇ ਤੋਂ ਪੁਲਾਓ ਮੰਗਵਾਏ ਸਨ। ਥੋੜ੍ਹਾ ਜਿਹਾ ਪੁਲਾਓ ਖਾਂਦਿਆਂ ਹੀ ਉਨ੍ਹਾਂ ਤੇ ਉਨ੍ਹਾਂ ਦੇ ਇੱਕ ਸਾਥੀ ਨੂੰ ਉਲਟੀਆਂ ਲੱਗ ਗਈਆਂ। ਜਦੋਂ ਪਲੇਟ ’ਚ ਪਏ ਪੁਲਾਓ ਨੂੰ ਬਰੀਕੀ ਨਾਲ ਦੇਖਿਆ ਗਿਆ ਤਾਂ ਉਸ ’ਚੋਂ ਕੀੜਾ ਨਜ਼ਰ ਆਇਆ। ਉਹ ਸ਼ਿਕਾਇਤ ਕਰਨ ਢਾਬੇ ’ਤੇ ਗਏ ਤਾਂ ਢਾਬਾ ਮਾਲਕ ਉਲਟਾ ਮਾੜਾ ਚੰਗਾ ਬੋਲਣ ਲੱਗ ਗਿਆ, ਦੁਕਾਨਦਾਰ ਨੇ ਦੋਸ਼ ਲਾਏ ਕਿ ਪਲਾਓ ’ਚ ਕੀੜਾ ਉਨ੍ਹਾਂ ਖੁਦ ਹੀ ਪਾਇਆ ਹੋਵੇਗਾ ਸਿਹਤ ਵਿਭਾਗ ਨੂੰ ਸੂਚਿਤ ਕਰਨ ਤੋਂ ਬਾਅਦ ਫੂਡ ਸੇਫ਼ਟੀ ਅਫ਼ਸਰ ਸਤਵਿੰਦਰ ਸਿੰਘ ਵੀ ਮੌਕੇ ’ਤੇ ਪੁੱਜ ਗਏ। ਉਨ੍ਹਾਂ ਢਾਬੇ ਦੀ ਜਾਂਚ ਕੀਤੀ ਜਿਸ ਦੌਰਾਨ ਪਤਾ ਲੱਗਾ ਕਿ ਖਾਣਾ ਅਨ-ਹਾਈਜੈਨਿਕ ਢੰਗ ਨਾਲ ਬਣ ਰਿਹਾ ਸੀ, ਜਿਸ ਕਾਰਨ ਢਾਬੇ ਦਾ ਚਲਾਨ ਕਰ ਦਿੱਤਾ ਗਿਆ। ਫੂਡ ਸੇਫ਼ਟੀ ਟੀਮ ਨੇ ਪਰੋਸੇ ਜਾ ਰਹੇ ਖਾਣੇ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ।