ਨਿੱਜੀ ਪੱਤਰ ਪ੍ਰੇਰਕ
ਖੰਨਾ, 22 ਸਤੰਬਰ
ਪੰਜਾਬੀ ਫ਼ਿਲਮ ਦੀ ਅਦਾਕਾਰਾ ਨੀਰੂ ਬਾਜਵਾ, ਗਾਇਕ ਜਸਵਿੰਦਰ ਬਰਾੜ ਅਤੇ ਅਦਾਕਾਰਾ ਰੁਬੀਨਾ ਬਾਜਵਾ ਸਮੇਤ ਫ਼ਿਲਮ ‘ਬੂਹੇ-ਬਾਰੀਆਂ’ ਦੀ ਟੀਮ ਨੇ ਫਾਊਂਡੇਸ਼ਨ ਦੇ ‘ਵੰਨ ਗਰਲ ਵੰਨ ਫੁਟਬਾਲ’ ਪ੍ਰੋਗਰਾਮ ਤਹਿਤ ਸਿਖਲਾਈ ਲੈ ਰਹੀਆਂ ਮੁਟਿਆਰਾਂ ਨਾਲ ਗੱਲਬਾਤ ਕਰਨ ਲਈ ਇੱਥੋਂ ਨੇੜਲੇ ਪਿੰਡ ਦਾਊਮਾਜਰਾ ਦੇ ਰਾਊਂਡ ਗਲਾਸ ਫਾਊਂਡੇਸ਼ਨ ਖੇਡ ਕੇਂਦਰ ਦਾ ਦੌਰਾ ਕੀਤਾ ਗਿਆ।
ਅਦਾਕਾਰਾ ਨੀਰੂ ਬਾਜਵਾ ਫਿਲਮ ਵਿੱਚ ਇਕ ਪੁਲੀਸ ਅਧਿਕਾਰੀ ਦੀ ਭੂਮਿਕਾ ਨਿਭਾਅ ਰਹੀ ਹੈ। ਇਸ ਮੌਕੇ ਉਸ ਦੇ ਨਾਲ ਅਸਲ ਜੀਵਨ ਦੀ ਨਾਇਕਾ ਅਤੇ ਪੁਲੀਸ ਦੀ ਸੁਪਰਡੈਂਟ ਰੁਪਿੰਦਰ ਕੌਰ ਸਰਾ ਵੀ ਹਾਜ਼ਰ ਸੀ। ਫਿਲਮ ਦੀ ਟੀਮ ਨੇ ਲੜਕੀਆਂ ਨੂੰ ਫੁਟਬਾਲ ਵੰਡੀਆਂ ਅਤੇ ਨਾਰੀ ਸ਼ਕਤੀਕਰਨ ਰਾਹੀਂ ਸਮਾਜ ਵਿੱਚ ਠੋਸ ਬਦਲਾਅ ਲਿਆਉਣ ਲਈ ਲੜਕੀਆਂ ਨੂੰ ਪ੍ਰੇਰਿਤ ਕੀਤਾ। ਦੱਸਣਯੋਗ ਹੈ ਕਿ ਰਾਊਂਡ ਗਲਾਸ ਫਾਊਂਡੇਸ਼ਨ ਪੰਜਾਬ ਦੇ 172 ਪਿੰਡਾਂ ਵਿੱਚ ਸਕੂਲਾਂ ਦੇ ਅੰਦਰ ਅਤੇ ਬਾਹਰ 188 ਖੇਡ ਕੇਂਦਰ ਚਲਾ ਰਹੀ ਹੈ ਅਤੇ 1300 ਤੋਂ ਵੱਧ ਲੜਕੀਆਂ ‘ਵੰਨ ਗਰਲ, ਵੰਨ ਫੁਟਬਾਲ’ ਪ੍ਰੋਗਰਾਮ ਵਿੱਚ ਸ਼ਾਮਲ ਹਨ। ਨੀਰੂ ਬਾਜਵਾ ਨੇ ਕਿਹਾ ਕਿ ਖੇਡਾਂ ਵਿੱਚ ਭਾਗ ਲੈਣ ਨਾਲ ਘਿਸੀ ਪਿਟੀ ਸੋਚ ਤੋਂ ਵੀ ਮੁਕਤੀ ਮਿਲਦੀ ਹੈ। ਉਸ ਨੇ ਕਿਹਾ, ‘‘ਮੈਂ ਪ੍ਰਾਰਥਨਾ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਨਵੇਂ ਮੌਕੇ ਮਿਲਣ ਅਤੇ ਫੁਟਬਾਲ ਦੇ ਸਫਲ ਖਿਡਾਰੀ ਬਣੋ।’
ਫਾਊਂਡੇਸ਼ਨ ਦੇ ਆਗੂ ਵਿਸ਼ਾਲ ਚਾਵਲਾ ਨੇ ਖੇਡ ਕੇਂਦਰ ਦਾ ਦੌਰਾ ਕਰਨ ਲਈ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੀਰੂ ਬਾਜਵਾ ਨੂੰ ਮਿਲਣ ਨਾਲ ਬੱਚਿਆਂ ਨੂੰ ਜ਼ਿੰਦਗੀ ਵਿੱਚ ਕੁਝ ਸਿੱਖਣ ਅਤੇ ਮਿਹਨਤ ਕਰਨ ਦੀ ਸਿੱਖਿਆ ਮਿਲਦੀ ਹੈ।
ਫਾਊਂਡੇਸ਼ਨ ਦੇ ਸੰਸਥਾਪਕ ਸੰਨੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬੱਚਿਆਂ ਦੀ ਸਰਬਪੱਖੀ ਭਲਾਈ ਨੂੰ ਸਮਰੱਥ ਬਣਾਉਣ ਲਈ ਖੇਡਾਂ ਦੀ ਵਰਤੋਂ ਕਰਨ ਅਤੇ ਸਿਖਲਾਈ ਮੁੱਢਲੀ ਢਾਂਚੇ ਦੇ ਵਿਕਾਸ ਵਿੱਚ ਲੰਬੇ ਸਮੇਂ ਦੇ ਨਿਵੇਸ਼ ਕਰ ਕੇ ਭਾਰਤ ਨੂੰ ਖੇਡ ਪ੍ਰਤਿਭਾ ਦੇ ਇਕ ਵਿਸ਼ਵ ਪਾਵਰ ਹਾਊਸ ਵਿੱਚ ਬਦਲਿਆ ਜਾ ਰਿਹਾ ਹੈ। ਫਾਊਂਡੇਸ਼ਨ ਦਾ ਉਦੇਸ਼ ਸੰਪੂਰਨ ਤੰਦਰੁਸਤੀ ਦੇ ਸਿਧਾਂਤਾਂ ਨੂੰ ਅਪਣਾ ਕੇ ਇਕ ਸਿਹਤਮੰਦ, ਖੁਸ਼ਹਾਲ ਪੰਜਾਬ ਬਣਾਉਣਾ ਹੈ।