ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਸਤੰਬਰ
ਸਨਅਤੀ ਸ਼ਹਿਰ ਦੇ ਮਾਡਲ ਟਾਊਨ ਇਲਾਕੇ ਵਿੱਚ ਇੱਕ ਸਕੂਲੀ ਵਿਦਿਆਰਥੀ ਦੀ ਉਸ ਦੇ ਹੀ ਸਕੂਲ ਦੇ ਸੀਨੀਅਰ ਵਿਦਿਆਰਥੀਆਂ ਨੇ ਕੁੱਟਮਾਰ ਕਰ ਦਿੱਤੀ। 10ਵੀਂ ਦੇ ਵਿਦਿਆਰਥੀ ਦਾ ਐਨਾ ਕਸੂਰ ਸੀ ਕਿ 12ਵੀਂ ਦੇ ਵਿਦਿਆਰਥੀਆਂ ਨੇ ਉਸ ਨੂੰ ਰਸਤੇ ਵਿੱਚ ਆਵਾਜ਼ ਲਗਾਈ ਸੀ ਪਰ ਉਸ ਨੇ ਸੁਣਿਆ ਨਹੀਂ। ਇਸ ਤੋਂ ਖ਼ਫ਼ਾ ਹੋਏ ਸੀਨੀਅਰ ਵਿਦਿਆਰਥੀਆਂ ਨੇ ਮਾਡਲ ਟਾਊਨ ਦੇ ਰਹਿਣ ਵਾਲੇ ਅੰਸ਼ ਨੂੰ ਘਰੋਂ ਸੱਦ ਕੇ ਉਸ ’ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਅੰਸ਼ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੇ ਦੰਦ ਵੀ ਟੁੱਟ ਗਏ। ਉਸ ਦੇ ਪਰਿਵਾਰ ਵਾਲੇ ਜ਼ਖ਼ਮੀ ਅੰਸ਼ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਏ, ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ। ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਮਾਡਲ ਟਾਊਨ ਵਿੱਚ ਸ਼ਾਸਤਰੀ ਨਗਰ ਸਥਿਤ ਇੱਕ ਸਕੂਲ ’ਚ 10ਵੀਂ ਜਮਾਤ ਦਾ ਵਿਦਿਆਰਥੀ ਅੰਸ਼ ਵੀਰਵਾਰ ਰਾਤ ਨੂੰ ਜਿਮ ਤੋਂ ਘਰ ਜਾ ਰਿਹਾ ਸੀ। ਰਸਤੇ ਵਿੱਚ ਮਾਡਲ ਟਾਊਨ ਇਲਾਕੇ ਵਿੱਚ ਉਸ ਦੇ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਖੜ੍ਹੇ ਸਨ। ਉਨ੍ਹਾਂ ਨੇ ਅੰਸ਼ ਨੂੰ ਸੱਦਿਆ। ਅੰਸ਼ ਨੇ ਉਨ੍ਹਾਂ ਦੀ ਆਵਾਜ਼ ਨਹੀਂ ਸੁਣੀ ਤੇ ਉਹ ਘਰ ਚਲਾ ਗਿਆ। ਉਪਰੰਤ ਗੁੱਸੇ ਵਿਚ ਆਏ ਸੀਨੀਅਰ ਵਿਦਿਆਰਥੀਆਂ ਨੇ ਅੰਸ਼ ਨੂੰ ਫੋਨ ਕਰਕੇ ਘਰੋਂ ਸੱਦਿਆ ਤੇ ਡੰਡਿਆਂ ਤੇ ਹੋਰਨਾਂ ਹਥਿਆਰਾਂ ਨਾਲ ਹਮਲਾ ਕਰ ਕੇ ਫੱਟੜ ਕਰ ਦਿੱਤਾ। ਅੰਸ਼ ਦੇ ਪਿਤਾ ਅਮਿਤ ਨੇ ਇਸ ਸਬੰਧੀ ਥਾਣਾ ਮਾਡਲ ਟਾਊਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।