ਸਨਅਤੀ ਸ਼ਹਿਰ ਦੇ 33 ਫੁਟੀ ਰੋਡ ਸਥਿਤ ਗੁਰੂ ਨਾਨਕ ਨਗਰ ਵਿੱਚ ਬੱਚੇ ਨੂੰ ਤੇਜ਼ ਰਫ਼ਤਾਰ ਇਲੈਕਟ੍ਰਿਕ ਸਕੂਟੀ ਨੇ ਸਿੱਧੀ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਬੱਚਾ ਆਪਣੀ ਸਾਈਕਲ ਸਣੇ ਹਵਾ ਵਿੱਚ ਕਰੀਬ 5 ਫੁੱਟ ਉੱਪਰ ਉਛਲਿਆ ਅਤੇ ਸਿਰ ਦੇ ਭਾਰ ਸੜਕ ’ਤੇ ਜਾ ਡਿੱਗਿਆ। ਇਹ ਪੂਰੀ ਘਟਨਾ ਨੇੜੇ ਲੱਗੇ ਇੱਕ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀ ਬੱਚੇ ਦੀ ਪਛਾਣ ਰਿਸ਼ਭ ਵਜੋਂ ਹੋਈ ਹੈ। ਰਿਸ਼ਭ ਦੇ ਪਿਤਾ ਇੱਕ ਕੰਪਨੀ ਵਿੱਚ ਕੰਮ ਕਰਦੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਿਸ਼ਭ ਸ਼ਾਮ ਦੇ ਸਮੇਂ ਆਪਣੀ ਸਾਈਕਲ ਠੀਕ ਕਰਵਾਉਣ ਲਈ ਨੇੜੇ ਦੀ ਦੁਕਾਨ ’ਤੇ ਗਿਆ ਸੀ। ਉਹ ਚਾਹੁੰਦਾ ਸੀ ਕਿ ਸਾਈਕਲ ਠੀਕ ਕਰਵਾ ਕੇ ਜਲਦੀ ਘਰ ਪਰਤੇ ਅਤੇ ਫਿਰ ਟਿਊਸ਼ਨ ਪੜ੍ਹਨ ਜਾ ਸਕੇ। ਜਿਵੇਂ ਹੀ ਉਹ ਆਪਣੀ ਗਲੀ ਵਿੱਚ ਮੁੜਿਆ, ਸਾਹਮਣੇ ਤੋਂ ਆ ਰਹੀ ਇੱਕ ਚਿੱਟੇ ਰੰਗ ਦੀ ਇਲੈਕਟ੍ਰਿਕ ਐਕਟਿਵਾ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਵਾਇਰਲ ਹੋਈ ਸੀ ਸੀ ਟੀ ਵੀ ਫੁਟੇਜ ਹਾਦਸੇ ਦੀ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਰਿਸ਼ਭ ਆਪਣੀ ਲਾਲ ਰੰਗ ਦੀ ਸਾਈਕਲ ’ਤੇ ਆਮ ਰਫ਼ਤਾਰ ਨਾਲ ਘਰ ਵੱਲ ਆ ਰਿਹਾ ਸੀ। ਉਦੋਂ ਹੀ ਸਾਹਮਣੇ ਤੋਂ ਇੱਕ ਹੋਰ ਨਾਬਾਲਗ ਇਲੈਕਟ੍ਰਿਕ ਐਕਟਿਵਾ ਨੂੰ ਬਹੁਤ ਤੇਜ਼ ਰਫ਼ਤਾਰ ਵਿੱਚ ਲੈ ਕੇ ਆਇਆ ਅਤੇ ਸਿੱਧਾ ਰਿਸ਼ਭ ਦੀ ਸਾਈਕਲ ਵਿੱਚ ਮਾਰਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਐਕਟਿਵਾ ਸਵਾਰ ਵੀ ਸੰਤੁਲਨ ਗੁਆ ਕੇ ਦੂਰ ਜਾ ਡਿੱਗਿਆ। ਸਥਾਨਕ ਲੋਕਾਂ ਨੇ ਤੁਰੰਤ ਖ਼ੂਨ ਨਾਲ ਲੱਥਪੱਥ ਰਿਸ਼ਭ ਨੂੰ ਚੁੱਕ ਕੇ ਨਜ਼ਦੀਕੀ ਹਸਪਤਾਲ ਭਰਤੀ ਕਰਵਾਇਆ। ਡਾਕਟਰਾਂ ਮੁਤਾਬਕ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਬੱਚੇ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਫਿਲਹਾਲ ਉਹ ਆਈ ਸੀ ਯੂ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਦੂਜੇ ਪਾਸੇ ਥਾਣਾ ਜਮਾਲਪੁਰ ਦੀ ਪੁਲੀਸ ਸੀ ਸੀ ਟੀ ਵੀ ਦੇ ਅਧਾਰ ’ਤੇ ਐਕਟਿਵਾ ਸਵਾਰ ਦਾ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ।

