ਇਸਲਾਮੀ ਮਹੀਨੇ ਸ਼ਾਬਾਨ ਦੀ ਪਵਿੱਤਰ ਰਾਤ ਸ਼ਬ-ਏ-ਬਰਾਤ ਮੌਕੇ ਫੀਲਡ ਗੰਜ ਚੌਕ ਸਥਿਤ ਜਾਮਾ ਮਸਜਿਦ ਸਣੇ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ ਵਿੱਚ ਰਾਤ ਭਰ ਵੱਡੀ ਗਿਣਤੀ ਮੁਸਲਮਾਨਾਂ ਨੇ ਨਮਾਜ਼ ਅਦਾ ਕਰ ਕੇ ਦੇਸ਼ ਅਤੇ ਪੰਜਾਬ ਲਈ ਦੁਆਵਾਂ ਮੰਗੀਆਂ। ਉਨ੍ਹਾਂ ਕਬਰਿਸਤਾਨਾਂ ਵਿੱਚ ਜਾ ਕੇ ਆਪਣੇ ਪਿਆਰਿਆਂ ਦੀਆਂ ਕਬਰਾਂ ’ਤੇ ਫਾਤੀਹਾ ਪੜ੍ਹੀ।
ਇਸ ਮੌਕੇ ਜਾਮਾ ਮਸਜਿਦ ਦੇ ਬਾਹਰ ਹੋਏ ਮੁੱਖ ਸਮਾਗਮ ਦੌਰਾਨ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਮਦਰਸਾ ਜਾਮਿਆ ਹਬੀਬਿਆ ਦਾਰੁਲ ਉਲੂਮ ਲੁਧਿਆਣਾ ਵਿੱਚ ਪੜ੍ਹ ਕੇ ਕੁਰਾਨ ਸ਼ਰੀਫ਼ ਹਿਫਜ਼ (ਜ਼ੁਬਾਨੀ ਯਾਦ) ਕਰਨ ਵਾਲੇ ਵਿਦਿਆਰਥੀਆਂ ਦੀ ਦਸਤਾਰਬੰਦੀ ਕੀਤੀ। ਵਰਣਨਯੋਗ ਹੈ ਕਿ ਜੋ ਬੱਚਾ ਪੂਰਾ ਕੁਰਾਨ ਸ਼ਰੀਫ਼ ਜ਼ਬਾਨੀ ਯਾਦ ਕਰਦਾ ਹੈ ਉਸ ਨੂੰ ਹਾਫਿਜ਼ ਦੀ ਡਿਗਰੀ ਦਿੱਤੀ ਜਾਂਦੀ ਹੈ ਜੋ ਮੁਸਲਮਾਨ ਸਮਾਜ ਵਿੱਚ ਵੱਡੀ ਸਨਮਾਨਿਤ ਪਦਵੀ ਹੈ।
ਇਸ ਮੌਕੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਕਿਹਾ ਕਿ ਅੱਜ ਦੀ ਰਾਤ ਆਪਣੇ ਰੱਬ ਤੋਂ ਮੁਆਫ਼ੀ ਦੇ ਨਾਲ ਨੇਕੀ ਦਾ ਪੱਕਾ ਇਰਾਦਾ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਚੰਗਾ ਇਨਸਾਨ ਉਹੀ ਹੈ ਜੋ ਆਪਣੇ ਮਾਂ-ਬਾਪ, ਪਤਨੀ, ਬੱਚਿਆਂ ਅਤੇ ਗੁਆਂਢੀਆਂ ਨਾਲ ਮੁਹੱਬਤ ਕਰਦਾ ਹੈ। ਜੇ ਉਹ ਕਰੀਬੀ ਰਿਸ਼ਤਿਆਂ ਨੂੰ ਛੱਡ ਕੇ ਦੁਨੀਆਂ ਵਿੱਚ ਚੰਗਾ ਬਣਿਆ ਫਿਰਦਾ ਹੈ ਤਾਂ ਇਹ ਦਿਖਾਵਾ ਹੈ ਜੋ ਖ਼ੁਦਾ ਨੂੰ ਪਸੰਦ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਧਰਮ ਨੂੰ ਆਧਾਰ ਬਣਾ ਕੇ ਕੋਈ ਨਫ਼ਰਤ ਕਰਦਾ ਹੈ ਤਾਂ ਇਹ ਧਰਮ ਨਹੀਂ। ਅਸਲੀ ਧਰਮੀ ਉਹੀ ਹੈ ਜੋ ਸਭ ਦੇ ਨਾਲ ਮੁਹੱਬਤ ਕਰਦਾ ਹੈ।

