ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਜੁਲਾਈ
ਇੱਥੇ ਦੇ ਪਿੰਡ ਜੱਸਪਾਲ ਬਾਂਗਰ ’ਚ ਕਰੀਬ ਇੱਕ ਮਹੀਨੇ ਪਹਿਲਾਂ ਘਰ ਦੇ ਬਾਹਰ ਖੇਡਦੇ ਸਮੇਂ ਅਰਜੁਨ ਕੁਮਾਰ 11 ਸਾਲ ਦੇ ਬੱਚੇ ਨੂੰ ਉਨ੍ਹਾਂ ਦੇ ਹੀ ਪਾਲੇ ਘਰ ਦੇ ਕੁੱਤੇ ਨੇ ਕੱਟ ਲਿਆ ਸੀ। ਪਰਿਵਾਰ ਨੇ ਉਸਦਾ ਪ੍ਰਾਈਵੇਟ ਹਸਪਤਾਲ ’ਚ ਇਲਾਜ ਕਰਵਾਇਆ। ਇੱਕ ਮਹੀਨਾ ਇਲਾਜ ਕਰਵਾਉਣ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ। ਸ਼ਨਿੱਚਰਵਾਰ ਨੂੰ ਸਿਹਤ ਖਰਾਬ ਹੋਈ ਤਾਂ ਬੱਚੇ ਦੀ ਦਿਮਾਗੀ ਹਾਲਤ ਵੀ ਖਰਾਬ ਹੋ ਗਈ ਸੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਹੈ। ਥਾਣਾ ਸਾਹਨੇਵਾਲ ਦੇ ਐੱਸਐੱਚਓ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਰਜੁਨ ਦੇ ਪਰਿਵਾਰ ਵਾਲਿਆਂ ਦਾ ਇਹ ਪਾਲਤੂ ਕੁੱਤਾ ਸੀ, ਕੁੱਤਾ ਕੁਝ ਦਿਨਾਂ ਤੋਂ ਪਾਗਲ ਹੋ ਚੁੱਕਿਆ ਸੀ, ਪਰ ਕਿਸੇ ਨੂੰ ਪਤਾ ਨਹੀਂ ਸੀ। ਗਲੀ ’ਚ ਖੇਡਦੇ ਸਮੇਂ ਉਸਨੇ ਬੱਚੇ ਨੂੰ ਕੱਟ ਲਿਆ ਸੀ। ਘਰ ਵਿੱਚ ਉਸਨੇ ਦੱਸਿਆ ਕਿ ਉਸਦੇ ਸੱਟ ਲੱਗੀ ਹੈ। ਟੈਟਨੈੱਸ ਦਾ ਟੀਕਾ ਲਵਾਉਣ ਤੋਂ ਬਾਅਦ ਉਸਦੇ ਪੱਟੀ ਕਰਵਾ ਦਿੱਤੀ ਗਈ ਸੀ। ਇੱਕ ਹਫ਼ਤੇ ਬਾਅਦ ਉਹ ਹਵਾ ਤੇ ਪਾਣੀ ਤੋਂ ਡਰਨ ਲੱਗਿਆ। ਉਨ੍ਹਾਂ ਨੂੰ ਲੱਗਿਆ ਕਿ ਇਸ ’ਤੇ ਕਿਸੇ ਭੂਤ ਦਾ ਸਾਇਆ ਹੈ। ਬੱਚੇ ਨੂੰ ਉਹ ਝਾੜਾ ਕਰਵਾਉਣ ਲਈ ਬਾਬਿਆਂ ਕੋਲ ਲੈ ਜਾਂਦੇ ਰਹੇ। ਸ਼ਨਿੱਚਰਵਾਰ ਨੂੰ ਵੀ ਬੱਚੇ ਨੂੰ ਇੱਕ ਧਾਰਮਿਕ ਸਥਾਨ ’ਤੇ ਬਾਬੇ ਕੋਲ ਲੈ ਕੇ ਗਏ ਸਨ। ਜਿੱਥੇ ਬਾਬਾ ਨੇ ਘੰਟਿਆਂ ਤੱਕ ਉਸਦਾ ਝਾੜਾ ਕੀਤਾ। ਇਸੇ ਦੌਰਾਨ ਬੱਚੇ ਦੇ ਮੂੰਹ ’ਚੋਂ ਝੱਗ ਨਿਕਲਣ ਲੱਗੀ। ਜਦੋਂ ਤੱਕ ਪਰਿਵਾਰ ਵਾਲੇ ਉਸਨੂੰ ਹਸਪਤਾਲ ਲੈ ਕੇ ਪੁੱਜੇ, ਉਸਦੀ ਮੌਤ ਹੋ ਚੁੱਕੀ ਸੀ।