ਗਗਨਦੀਪ ਅਰੋੜਾ
ਲੁਧਿਆਣਾ, 21 ਸਤੰਬਰ
ਸਨਅਤੀ ਸ਼ਹਿਰ ਦੇ ਮੋਤੀ ਨਗਰ ਇਲਾਕੇ ਦੀ ਮੁਸਲਿਮ ਕਲੋਨੀ ਸਥਿਤ ਬਾਲ ਵਿਕਾਸ ਮਾਡਲ ਸਕੂਲ ਦੇ ਪ੍ਰਿੰਸੀਪਲ ਦੇ ਬੇਟੇ ਨੇ ਐਲਕੇਜੀ ਕਲਾਸ ਵਿੱਚ ਪੜ੍ਹਣ ਵਾਲੇ ਬੱਚੇ ਦੀ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਸ਼ਰਾਰਤ ਕਰਨ ਤੋਂ ਗੁੱਸੇ ਵਿੱਚ ਆਏ ਪਿ੍ੰਸੀਪਲ ਦੇ ਬੇਟੇ ਨੇ ਉਸ ਦੀ ਦੋ ਦਿਨ ਕੁੱਟਮਾਰ ਕੀਤੀ। ਦੂਜੇ ਦਿਨ ਸਕੂਲ ਦੇ ਹੋਰਨਾਂ ਬੱਚਿਆਂ ਨੇ ਕੁੱਟਮਾਰ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਜਦੋਂ ਬੱਚੇ ਦੇ ਹੱਥ ਪੈਰ ਕੁੱਟ ਖਾਉਣ ਕਾਰਨ ਫੱਟੜ ਹੋਏ ਤਾਂ ਉਸ ਦੇ ਮਾਪਿਆਂ ਨੇ ਉਸ ਕੋਲੋਂ ਪੁੱਛਿਆ, ਜਿਸ ਤੋਂ ਬਾਅਦ ਉਸ ਨੇ ਡਰਦੇ ਮਾਰੇ ਆਪਣੇ ਮਾਪਿਆਂ ਨੂੰ ਸਾਰੀ ਕਹਾਣੀ ਦੱਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧੀ ਪੁਲੀਸ ਥਾਣਾ ਮੋਤੀ ਨਗਰ ਵਿੱਚ ਸ਼ਿਕਾਇਤ ਕੀਤੀ। ਪੁਲੀਸ ਨੇ ਬਾਲ ਵਿਕਾਸ ਮਾਡਲ ਸਕੂਲ ਦੇ ਪ੍ਰਿੰਸੀਪਲ ਰਾਮ ਇਕਬਾਲ ਸਿੰਘ ਦੇ ਪੁੱਤਰ ਸ੍ਰੀ ਭਗਵਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦੇ ਹੋਏ ਬੱਚੇ ਦੀ ਮਾਂ ਸਾਹੀਲੁਨਾ ਖਾਤੂਨ ਨੇ ਦੱਸਿਆ ਕਿ ਉਸ ਦਾ ਪੁੱਤਰ ਮੁਰਤਜ਼ਾ ਸਕੂਲ ਵਿੱਚ ਐਲਕੇਜੀ ਕਲਾਸ ਵਿੱਚ ਪੜ੍ਹਦਾ ਹੈ। ਪਿਛਲੇ ਦਿਨੀਂ ਉਸ ਦੇ ਬੱਚੇ ਦੀ ਨਾਲ ਪੜ੍ਹਦੇ ਜਮਾਤੀ ਨਾਲ ਲੜਾਈ ਹੋ ਗਈ ਅਤੇ ਉਸ ਨੇ ਪੈਨਸਿਲ ਮਾਰ ਦਿੱਤੀ ਜਿਸ ਤੋਂ ਬਾਅਦ ਬੱਚੇ ਨੇ ਅਧਿਆਪਕ ਨੂੰ ਸ਼ਿਕਾਇਤ ਕੀਤੀ। ਅਧਿਆਪਕ ਸਕੂਲ ਦੇ ਪ੍ਰਿੰਸੀਪਲ ਦਾ ਪੁੱਤਰ ਹੈ ਜਿਸ ਨੇ ਛੋਟੇ ਬੱਚੇ ’ਤੇ ਥਰਡ ਡਿਗਰੀ ਟਾਰਚਰ ਸ਼ੁਰੂ ਕਰ ਦਿੱਤਾ। ਉਸ ਨੇ ਦੋ ਬੱਚਿਆਂ ਨੂੰ ਬੁਲਾਇਆ ਉਸ ਨੂੰ ਦੋਵੇਂ ਬੱਚਿਆਂ ਨੇ ਚੁੱਕਿਆ ਤੇ ਸ਼੍ਰੀ ਭਗਵਾਨ ਨੇ ਡੰਡਿਆਂ ਨਾਲ ਉਸ ਦੀ ਕੁੱਟਮਾਰ ਕੀਤੀ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਬੱਚਾ ਵਾਰ-ਵਾਰ ਰਹਿਮ ਲਈ ਰੌਲਾ ਪਾਉਂਦਾ ਰਿਹਾ, ਪਰ ਉਨ੍ਹਾਂ ਨੇ ਬੱਚੇ ਦੀ ਗੱਲ ਨਹੀਂ ਸੁਣੀ ਅਤੇ ਉਸ ਨੂੰ ਕੁੱਟਦਾ ਰਿਹਾ। ਜਦੋਂ ਬੱਚਾ ਜਖਮੀ ਹਾਲਤ ਵਿੱਚ ਘਰ ਆਇਆ ਤਾਂ ਪੈਰ ਸੁੱਜੇ ਹੋਏ ਸਨ ਅਤੇ ਉਸ ਦੇ ਪੱਟਾਂ ’ਤੇ ਡੰਡਿਆਂ ਦੇ ਨਿਸ਼ਾਨ ਸਨ। ਕੋਲ ਬੈਠੇ ਸਕੂਲ ਦੇ ਇੱਕ ਬੱਚੇ ਨੇ ਇਸ ਦੀ ਵੀਡੀਓ ਬਣਾ ਲਈ ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋਈ ਤਾਂ ਸਕੂਲ ਦਾ ਸੱਚ ਸਾਹਮਣੇ ਆਇਆ।
ਉਧਰ, ਸਕੂਲ ਦੇ ਪ੍ਰਿੰਸੀਪਲ ਦੇ ਪੁੱਤਰ ਸ੍ਰੀ ਭਗਵਾਨ ਨੇ ਦੱਸਿਆ ਕਿ ਬੱਚੇ ਨੇ ਇੱਕ ਹੋਰ ਬੱਚੇ ਨੂੰ ਪੈਨਸਿਲ ਨਾਲ ਮਾਰਿਆ ਸੀ। ਉਸ ਬੱਚੇ ਦੇ ਪਰਿਵਾਰਕ ਮੈਂਬਰ ਉਸ ਕੋਲ ਸ਼ਿਕਾਇਤ ਲੈ ਕੇ ਆਏ ਸਨ। ਵਿਦਿਆਰਥੀ ਨੂੰ ਸ਼ਰਾਰਤ ਨਾ ਕਰਨ ਲਈ ਕਈ ਵਾਰ ਸਮਝਾਇਆ ਗਿਆ ਹੈ। ਜੇਕਰ ਪੈਨਸਿਲ ਕਿਸੇ ਬੱਚੇ ਦੀ ਅੱਖ ਵਿੱਚ ਲੱਗ ਜਾਂਦੀ ਤਾਂ ਉਸ ਦੀ ਅੱਖ ਨਿਕਲਣ ਜਾਣੀ ਸੀ। ਸ਼੍ਰੀ ਭਗਵਾਨ ਨੇ ਦੱਸਿਆ ਕਿ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਖੁਦ ਉਸ ਨੂੰ ਦੱਸਿਆ ਕਿ ਸੀ ਕਿ ਬੱਚਾ ਬਹੁਤ ਸ਼ਰਾਰਤੀ ਹੈ।
ਉਧਰ, ਚਾਈਲਡ ਕੇਅਰ ਪ੍ਰੋਟੈਕਸ਼ਨ ਦੀ ਮੈਂਬਰ ਰਸ਼ਮੀ ਬੱਚੇ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਵਿਦਿਆਰਥੀ ਮੁਰਤਜ਼ਾ ਦਾ ਪਤਾ ਲੈਣ ਉਸ ਦੇ ਘਰ ਪਹੁੰਚੀ। ਉਸ ਨੇ ਬੱਚੇ ਦੇ ਮਾਪਿਆਂ ਤੋਂ ਘਟਨਾ ਦੀ ਜਾਣਕਾਰੀ ਲਈ ਤੇ ਪੁਲੀਸ ਨਾਲ ਗੱਲ ਕੀਤੀ। ਮੋਤੀ ਨਗਰ ਥਾਣੇ ਵਿੱਚ ਤਾਇਨਾਤ ਏਐਸਆਈ ਵਿਜੇ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਸ੍ਰੀ ਭਗਵਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਹ ਫਿਲਹਾਲ ਘਰੋਂ ਗਾਇਬ ਹੈ ਤੇ ਉਸ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।