ਜੀਐੱਸਟੀ ਵਿਭਾਗ ਦੀ ਸ਼ਿਕਾਇਤ ਉੱਤੇ ਤਿੰਨ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ : The Tribune India

ਜੀਐੱਸਟੀ ਵਿਭਾਗ ਦੀ ਸ਼ਿਕਾਇਤ ਉੱਤੇ ਤਿੰਨ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ

ਜੀਐੱਸਟੀ ਵਿਭਾਗ ਦੀ ਸ਼ਿਕਾਇਤ ਉੱਤੇ ਤਿੰਨ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ

ਗੁਰਿੰਦਰ ਸਿੰਘ

ਲੁਧਿਆਣਾ, 4 ਦਸੰਬਰ

ਜੀਐੱਸਟੀ ਵਿਭਾਗ ਪੰਜਾਬ ਵੱਲੋਂ ਧੋਖਾਧੜੀ ਨਾਲ ਰਜਿਸਟ੍ਰੇਸ਼ਨ ਕਰਾਉਣ ਦੇ ਮਾਮਲੇ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਪੁਲੀਸ ਵੱਲੋਂ ਵੱਖ ਵੱਖ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ। ਕਰ ਕਮਿਸ਼ਨਰ ਪੰਜਾਬ ਕਮਲ ਕਿਸ਼ੋਰ ਯਾਦਵ ਦੇ ਨਿਰਦੇਸ਼ ਤਹਿਤ ਜੀਐੱਸਟੀ ਵਿਭਾਗ ਵੱਲੋਂ ਆਨਲਾਈਨ ਪੋਰਟਲ ਰਾਹੀਂ ਪ੍ਰਾਪਤ ਹੋਈਆਂ ਨਵੀਆਂ ਰਜਿਸਟ੍ਰੇਸ਼ਨ ਅਰਜ਼ੀਆਂ ਦੀ ਜਾਂਚ ਅਤੇ ਪੜਤਾਲ ਦੌਰਾਨ ਕਈ ਗੜਬੜੀਆਂ ਦਾ ਪਤਾ ਲਗਾਇਆ ਗਿਆ।

ਸਹਾਇਕ ਕਮਿਸ਼ਨਰ ਕਰ ਪੰਜਾਬ ਸੁਮਨਦੀਪ ਕੌਰ ਨੇ ਦੱਸਿਆ ਕਿ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਅਤੇ ਜਾਅਲੀ ਤਰੀਕਿਆਂ ਨਾਲ ਜੀਐਸਟੀ ਐਕਟ ਤਹਿਤ ਰਜਿਸਟਰੇਸ਼ਨ ਕਰਵਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 420, 465, 467 ਅਤੇ 468 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਅਰਜ਼ੀਆਂ ਦੀ ਪੜਤਾਲ ਦੌਰਾਨ ਦੇਖਿਆ ਗਿਆ ਕਿ ਕੁਝ ਲੋਕਾਂ ਵਲੋਂ ਫਰਜ਼ੀ ਫਰਮਾਂ ਲਈ ਜੀਐੱਸਟੀ ਰਜਿਸਟ੍ਰੇਸ਼ਨ ਪ੍ਰਾਪਤ ਕਰਨ ਲਈ ਆਨਲਾਈਨ ਪ੍ਰਣਾਲੀਆਂ ਵਿੱਚ ਹੇਰਾਫੇਰੀ ਕਰਨ ਲਈ ਗਲਤ ਹੱਥਕੰਡੇ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਲੁਧਿਆਣਾ-4 ਅਧਿਕਾਰੀਆਂ ਕੋਲ ਜੀਐੱਸਟੀ ਅਧੀਨ ਤਿੰਨ ਰਜਿਸਟ੍ਰੇਸ਼ਨ ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿੱਥੇ 3 ਵੱਖ-ਵੱਖ ਸਥਾਨਾਂ ਲਈ ਕਿਰਾਏ ਦੀਆਂ ਡੀਡਾਂ ਲਈ ਇੱਕੋ ਸੀਰੀਅਲ ਨੰਬਰ ਵਾਲੇ ਸਟੈਂਪ ਪੇਪਰ ਦੀ ਵਰਤੋਂ ਕੀਤੀ ਗਈ ਸੀ ਅਤੇ ਇਨ੍ਹਾਂ ਰਜਿਸਟ੍ਰੇਸ਼ਨ ਅਰਜ਼ੀਆਂ ਵਿੱਚ ਵਰਤੇ ਗਏ ਬਿਜਲੀ ਦੇ ਬਿੱਲਾਂ ਵਿੱਚ ਵੀ ਖਪਤਕਾਰ ਨੰਬਰ ਇੱਕੋ ਹੀ ਹੈ। ਜਦੋਂ ਬਿਜਲੀ ਵਿਭਾਗ ਰਾਹੀਂ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਕਤ ਬਿਜਲੀ ਬਿੱਲ ਦੇ ਮਾਲਕ ਦੀ ਇਨ੍ਹਾਂ ਥਾਵਾਂ ’ਤੇ ਕੋਈ ਜਾਇਦਾਦ ਨਹੀਂ ਹੈ ਅਤੇ ਉਹ ਵਿਦੇਸ਼ ਵਿੱਚ ਵਸਿਆ ਹੋਇਆ ਹੈ।

ਇਸ ਦੌਰਾਨ ਥਾਣਾ ਡਵੀਜ਼ਨ ਨੰਬਰ ਪੰਜ ਦੇ ਥਾਣੇਦਾਰ ਭੀਸ਼ਮ ਦੇਵ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਜਤਿੰਦਰ ਕੁਮਾਰ ਦੀਕਸ਼ਤ ਪੁੱਤਰ ਵਿਜੇ ਸ਼ੰਕਰ ਦੀਕਸ਼ਤ ਵਾਸੀ ਕਟਰਾ ਜਨੇਵਾ ਖਜੂਰ ਗਾਂਵ (ਉੱਤਰ ਪ੍ਰਦੇਸ਼), ਅਮਜ਼ਦ ਅਲੀ ਪੁੱਤਰ ਅਫ਼ਰੋਜ਼ ਆਲਮ ਵਾਸੀ ਅਹਿਸਾਨੁਲ ਹੱਕ ਭੇਲਾਹੀ ਕਲਾਂ ਖੁਰਦ ਸਹਰਸਾ-ਬੀ ਭੇਲਾਹੀ (ਬਿਹਾਰ), ਅਜੇ ਕੁਮਾਰ ਪੁੱਤਰ ਸੱਤਿਆ ਵਾਨ ਜਗਜੀਤ ਨਗਰ ਗੋਂਡਾ ਭਜਨਪੁਰਾ ਉਤੱਰੀ-ਪੂਰਬੀ ਦਿੱਲੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਸੇ ਦੌਰਾਨ ਡੀਸੀਐੱਸਟੀ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਜਾਰੀ ਰੱਖਣ ਦੀ ਗੱਲ ਆਖੀ ਹੈ। ਡੀਸੀਐੱਸਟੀ ਪੰਜਾਬ ਰਣਧੀਰ ਕੌਰ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੇ ਕਿਸੇ ਵੀ ਅਨਸਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਜੋ ਰਾਜ ਦੇ ਮਾਲੀਏ ਨਾਲ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਵਰਤੀ ਗਈ ਚੌਕਸੀ ਨਾਲ ਭਵਿੱਖ ਵਿੱਚ ਕਰੋੜਾਂ ਰੁਪਏ ਦਾ ਮਾਲੀਆ ਚੋਰੀ ਕਰਨ ਵਿੱਚ ਬਚਾਅ ਹੋ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All